ਪਟਿਆਲਾ, 27 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਨਗਰ ਨਿਗਮ ਪਟਿਆਲਾ ਵਲੋਂ ਸਰਕਾਰੀ ਪਾਰਕਾਂ ਨੂੰ ਨਿੱਜੀ ਕੈਫੇਆਂ ਤੇ ਵਪਾਰਕ ਕੰਪਨੀਆਂ ਨੂੰ ਲੀਜ਼ 'ਤੇ ਦੇਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ | ਉਨ੍ਹਾਂ ਨੇ ਨਿਗਮ ਕਮਿਸ਼ਨਰ ਨੂੰ ਭੇਜੇ ਪੱਤਰ ਵਿਚ ਇਸ ਕਦਮ ਨੂੰ ਨਾ ਸਿਰਫ਼ ਗ਼ੈਰਕਾਨੰੂਨੀ ਦੱਸਿਆ ਹੈ, ਸਗੋਂ ਲੋਕਾਂ ਦੇ ਭਰੋਸੇ ਨਾਲ ਧੋਖਾ ਕਰਾਰ ਦਿੱਤਾ ਹੈ | ਸ. ਬਜਾਜ ਨੇ ਕਿਹਾ ਕਿ ਪਟਿਆਲਾ ਵਿੱਚ ਪਹਿਲਾਂ ਹੀ ਹਰੇ-ਭਰੇ ਖੇਤਰਾਂ ਦੀ ਕਮੀ ਹੈ ਅਤੇ ਪਾਰਕਾਂ ਨੂੰ ਕੈਫੇਆਂ ਤੇ ਵਪਾਰਕ ਥਾਵਾਂ ਵਿਚ ਬਦਲਣਾ ਸ਼ਹਿਰੀ ਜੀਵਨ ਦੇ ਮੱਥੇ 'ਤੇ ਵੱਡਾ ਦਾਗ਼ ਹੈ | ਉਨ੍ਹਾਂ ਨੇ ਨਿਗਮ ਉੱਤੇ ਇਲਜ਼ਾਮ ਲਗਾਇਆ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਕੂੜੇ ਦੇ ਢੇਰ, ਜਾਮ ਸੀਵਰ, ਬੰਦ ਲਾਈਟਾਂ ਵਰਗੀਆਂ ਗੰਭੀਰ ਨਾਗਰਿਕ ਸਮੱਸਿਆਵਾਂ ਹੱਲ ਕਰਨ ਦੀ ਬਜਾਏ, ਪ੍ਰਸ਼ਾਸਨ ਸ਼ੱਕੀ ਸੌਦਿਆਂ ਰਾਹੀਂ ਪਾਰਕਾਂ ਨੂੰ ਨਿੱਜੀ ਕੰਪਨੀਆਂ ਨੂੰ ਸੌਂਪ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਵੱਡੀ ਮਾਤਰਾ ਵਿੱਚ ਟੈਕਸ ਇਕੱਠਾ ਕਰਨ ਦੇ ਬਾਵਜੂਦ ਪਾਰਕਾਂ ਦੀ ਸੰਭਾਲ ਲਈ ਕੋਈ ਵੀ ਵੱਡਾ ਖ਼ਰਚ ਨਹੀਂ ਕੀਤਾ ਜਾ ਰਿਹਾ | ਇਸ ਦੇ ਉਲਟ, ਇਹੀ ਪਾਰਕ ਅਣਗਿਣਤ ਸਮੱਸਿਆਵਾਂ ਵਿਚ ਘਿਰੇ ਰਹਿੰਦੇ ਹਨ ਤੇ ਹੁਣ ਇਨ੍ਹਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣਾ ਸ਼ਹਿਰ ਵਾਸੀਆਂ ਦੇ ਹੱਕਾਂ ਦਾ ਹਨਨ ਹੈ | ਸਾਬਕਾ ਮੇਅਰ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਕਦਮ ਜ਼ਮੀਨ-ਮਾਫੀਆ ਨਾਲ ਮਿਲੀਭੁਗਤ ਕਰਕੇ ਜਨਤਾ ਦੀਆਂ ਸੰਪਤੀਆਂ ਨੂੰ ਲੁੱਟਣ ਦੀ ਕੋਸ਼ਿਸ਼ ਹੈ, ਜਿਸਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਇਹ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ, ਪਾਰਕਾਂ ਦੀ ਪਵਿੱਤਰਤਾ ਬਹਾਲ ਕੀਤੀ ਜਾਵੇ ਤੇ ਉਨ੍ਹਾਂ ਦੀ ਸੰਭਾਲ ਲਈ ਢੰਗ ਦੇ ਕਦਮ ਚੁੱਕੇ ਜਾਣ |