ਮੰਡੀ ਗੋਬਿੰਦਗੜ੍ਹ, 31 ਅਕਤੂਬਰ (ਇਕਬਾਲਦੀਪ ਸੰਧੂ)-ਰਾਜ ਦੇ ਨਾਗਰਿਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਸਮਰੱਥ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਨਾਲ ਜੁੜ ਕੇ ਲੱਖਾਂ ਲੋਕ ਬਿਮਾਰੀਆਂ ਤੋਂ ਰਾਹਤ ਪਾਉਣ ਦੇ ਸਮਰੱਥ ਬਣ ਸਕੇ ਹਨ ਅਤੇ ਜ਼ਿੰਦਗੀ ਵਿਚ ਬਿਹਤਰ ਸੁਧਾਰਾਂ ਨੂੰ ਯਕੀਨੀ ਬਣਾ ਸਕੇ ਹਨ | ਇਸ ਸੰਬੰਧੀ ਮੰਡੀ ਗੋਬਿੰਦਗੜ੍ਹ ਦੀ ਗੁਰਮੁਖ ਕਾਲੋਨੀ ਵਿਖੇ ਸੀ.ਐਮ. ਦੀ ਯੋਗਸ਼ਾਲਾ ਆਧਾਰਿਤ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ, ਜਿਸ ਵਿਚ ਯੋਗ ਪ੍ਰੇਮੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਸੈਸ਼ਨ ਦਾ ਸੰਚਾਲਨ ਯੋਗ ਮਾਹਿਰ ਜਯੋਤੀ ਕੁਮਾਰੀ ਨੇ ਕੀਤਾ ਅਤੇ ਯੋਗ ਦੇ ਵੱਖ-ਵੱਖ ਆਸਣਾਂ ਜਿਵੇਂ ਪ੍ਰਾਣਾਯਾਮ ਤੇ ਧਿਆਨ ਅਭਿਆਸਾਂ ਦੇ ਮਾਧਿਅਮ ਨਾਲ ਮਾਨਸਿਕ ਤੇ ਸਰੀਰਿਕ ਸ਼ਾਂਤੀ ਤੇ ਤਾਜ਼ਗੀ ਕਾਇਮ ਰੱਖਣ ਦੀਆਂ ਵਿਧੀਆਂ ਸਿਖਾਈਆਂ ਗਈਆਂ | ਜਯੋਤੀ ਕੁਮਾਰੀ ਨੇ ਦੱਸਿਆ ਕਿ ਜਿਹੜੇ ਲੋਕ ਨਿਯਮਤ ਤੌਰ 'ਤੇ ਯੋਗ ਕਰਦੇ ਹਨ ਉਹ ਨਿਰੋਗ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹੋਏ ਯੋਗਸ਼ਾਲਾ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੁੜਨਾ ਚਾਹੀਦਾ ਹੈ |