ਫ਼ਤਹਿਗੜ੍ਹ ਸਾਹਿਬ, 31 ਅਕਤੂਬਰ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੀ ਅਗਵਾਈ ਹੇਠ ਜ਼ਿਲੇ੍ਹ ਅੰਦਰ ਹਰ ਸ਼ੱੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਲਗਾਤਾਰ ਜਾਰੀ ਹੈ, ਜਿਸ ਤਹਿਤ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਹਾਟ ਸਪਾਟ ਖੇਤਰਾਂ ਵਿਚ ਮੱਛਰ ਦੇ ਲਾਰਵੇ ਸੰਬੰਧੀ ਚੈਕਿੰਗ ਕੀਤੀ ਗਈ | ਲਾਰਵਾ ਮਿਲਣ 'ਤੇ ਉਸ ਨੂੰ ਮੌਕੇ 'ਤੇ ਨਸ਼ਟ ਕਰਵਾਇਆ ਗਿਆ ਅਤੇ ਨਗਰ ਪਾਲਿਕਾ ਦੀ ਸਹਾਇਤਾ ਨਾਲ ਚਲਾਨ ਕੀਤੇ ਗਏ | ਸਿਵਲ ਸਰਜਨ ਵਲੋਂ ਸਰਹਿੰਦ ਵਿਖੇ ਗਤੀਵਿਧੀਆਂ ਦੀ ਚੈਕਿੰਗ ਕੀਤੀ ਗਈ ਅਤੇ ਆਮ ਲੋਕਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕੀਤਾ ਗਿਆ | ਜਦਕਿ ਸਹਾਇਕ ਸਿਵਲ ਸਰਜਨ ਡਾ. ਕੇਡੀ ਸਿੰਘ ਵਲੋਂ ਪੀਰ ਬਾਬਾ ਕਾਲੋਨੀ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਨਦੀਪ ਸਿੰਘ ਵਲੋਂ ਹਮਾਯੂੰਪੁਰ, ਡਾ. ਸੰਪਨ ਅਤਰੀ ਵਲੋਂ ਬੰਨ੍ਹ ਰੋਡ ਅਤੇ ਜ਼ਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਭਜੋਤ ਕੌਰ ਵਲੋਂ ਜੋਤੀ ਸਰੂਪ ਮੋੜਾਂ 'ਤੇ ਇਨ੍ਹਾਂ ਗਤੀਵਿਧੀਆਂ ਦੀ ਚੈਕਿੰਗ ਕੀਤੀ ਗਈ | ਚੈਕਿੰਗ ਕਰਨ ਮੌਕੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਗਿਆ ਕਿ ਡੇਂਗੂ ਦਾ ਮੱਛਰ ਖੜ੍ਹੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਇਹ ਮਨੁੱਖ ਨੂੰ ਦਿਨ ਵੇਲੇ ਕੱਟਦਾ ਹੈ | ਇਸ ਲਈ ਪਾਣੀ ਨੂੰ ਖੜ੍ਹਾ ਨਾ ਹੋਣ ਦਿੱਤਾ ਜਾਵੇ | ਬੁਖ਼ਾਰ ਹੋਣ ਦੀ ਸੂਰਤ ਵਿਚ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਆਪਣਾ ਇਲਾਜ ਕਰਵਾਇਆ ਜਾਵੇ | ਡੇਂਗੂ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ | ਇਸ ਮੌਕੇ 'ਤੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਸਿਹਤ ਕਰਮਚਾਰੀ ਜਗਰੂਪ ਸਿੰਘ, ਕਰਮਜੀਤ ਸਿੰਘ, ਇੰਸੈਕਟ ਕਲੈਕਟਰ ਮਨਦੀਪ ਕੌਰ ਤੇ ਲੋਕ ਹਾਜ਼ਰ ਸਨ |