ਮੰਡੀ ਗੋਬਿੰਦਗੜ੍ਹ, 1 ਨਵੰਬਰ (ਰਾਜੇਸ਼ ਸ਼ਰਮਾ)-ਬਾਬਾ ਬੁੱਢਾ ਜੀ ਸੇਵਾ ਦਲ ਮੰਡੀ ਗੋਬਿੰਦਗੜ੍ਹ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਸਿੰਘ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਮੁਹੱਲਾ ਗੁਰੂ ਕੀ ਨਗਰੀ ਚ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪੰਜ ਦਿਨਾ ਗੁਰਮਤਿ ਸਮਾਗਮਾਂ ਦੇ ਪਹਿਲੇ ਦਿਨ ਭਾਈ ਮਨਜਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਸੰਗਤਾਂ ਨੂੰ ਗੁਰਬਾਣੀ ਦੇ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ | ਜਿਸ ਦੌਰਾਨ ਸੰਸਥਾ ਦੇ ਚੇਅਰਮੈਨ ਭਿੰਦਰ ਸਿੰਘ, ਪ੍ਰਧਾਨ ਜਗਜੀਵਨ ਸਿੰਘ ਊਬੀ, ਫੋਰਮੈਨ ਬਲਵੀਰ ਸਿੰਘ ਸਿੱਧੂ ਉਪ ਚੇਅਰਮੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਸੁਸਾਇਟੀ, ਹੈੱਡ ਗ੍ਰੰਥੀ ਗਿਆਨੀ ਕੁਲਵਿੰਦਰ ਸਿੰਘ ਵਲੋਂ ਰਾਗੀ ਜਥੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਭਿੰਦਰ ਸਿੰਘ ਤੇ ਪ੍ਰਧਾਨ ਜਗਜੀਵਨ ਸਿੰਘ ਊਬੀ ਨੇ ਦੱਸਿਆ ਕਿ 2 ਨਵੰਬਰ ਨੂੰ ਭਾਈ ਸੁਰਿੰਦਰ ਸਿੰਘ ਤੇ ਭਾਈ ਨਛੱਤਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਅੰਮਿ੍ਤ ਵਾਲੇ ਤੜਕੇ ਸਾਢੇ 5 ਤੋਂ ਸਾਢੇ 6 ਵਜੇ ਤੱਕ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 3 ਨਵੰਬਰ ਨੂੰ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਮੁਹੱਲਾ ਗੁਰੂ ਕੀ ਨਗਰੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਅਤੇ ਮੁਹੱਲਿਆਂ 'ਚੋਂ ਲੰਘ ਕੇ ਰਾਤ ਸਮੇਂ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ | ਇਸ ਸਮਾਗਮ ਵਿਚ ਸੁਰਿੰਦਰ ਪਾਲ ਸਿੰਘ ਭਾਟੀਆ, ਫੋਰਮੈਨ ਬਲਵੀਰ ਸਿੰਘ ਸਿੱਧੂ, ਹਰਬੰਸ ਸਿੰਘ ਹੁੰਝਣ, ਗੁਰਵਿੰਦਰ ਸਿੰਘ ਚਾਨੇ, ਬਿੰਦਰ ਸਿੰਘ, ਨਿਰਭੈ ਸਿੰਘ, ਗੁਰਜੀਤ ਸਿੰਘ ਮੰਗਾ, ਬਾਬਾ ਨਿਸ਼ਾਨ ਸਿੰਘ, ਗੁਰਜਿੰਦਰ ਸਿੰਘ ਸਮੇਤ ਸੰਗਤਾਂ ਸ਼ਾਮਿਲ ਹੋਈਆਂ |