ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਮਨਪ੍ਰੀਤ ਸਿੰਘ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿਖੇ ਤਾਇਨਾਤ ਪਾਵਰ ਜੂਨੀਅਰ ਇੰਜੀਨੀਅਰਜ਼ ਤੇ ਨੁਮਾਇੰਦਾ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੀ.ਐੱਸ.ਈ.ਬੀ. ਪਾਵਰਕਾਮ ਤੇ ਟਰਾਸਕੋ ਦੀਆਂ ਜ਼ਮੀਨਾਂ ਵੇਚਣ ਤੇ ਬਿਜਲੀ ਸੋਧ ਬਿੱਲ-2025 ਨੂੰ ਲਾਗੂ ਕਰਨ ਦੇ ਫ਼ੈਸਲੇ ਦੇ ਵਿਰੋਧ ਵਿਚ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ, ਪੰਜਾਬ ਦੇ ਪ੍ਰੋਗਰਾਮ ਦੀ ਹਿਮਾਇਤ ਕਰਦੇ ਹੋਏ, ਸਾਂਝੇ ਤੌਰ ਤੇ ਅੱਜ ਪਾਵਰਕਾਮ ਦੇ ਸਰਕਲ ਹੈੱਡ ਕੁਆਟਰਾਂ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ | ਜਾਣਕਾਰੀ ਦਿੰਦਿਆਂ ਇੰਜੀਨੀਅਰ ਇੰਜੀ. ਦਵਿੰਦਰ ਸਿੰਘ ਸਰਪ੍ਰਸਤ, ਇੰਜੀ. ਜਸਬੀਰ ਸਿੰਘ ਪ੍ਰਧਾਨ ਅਤੇ ਪਰਵਿੰਦਰ ਸਿੰਘ ਜਨਰਲ ਸਕੱਤਰ ਸਰਕਲ ਖੰਨਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੰਜਾਬ ਸਰਕਾਰ ਪਾਵਰਕਾਮ ਦੀਆਂ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਜ਼ਮੀਨਾਂ ਨੂੰ ਮੁਦਰੀਕਰਨ ਦੇ ਨਾਂ 'ਤੇ ਵੇਚਣ ਦੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ ਨੂੰ ਭਵਿੱਖ ਵਿਚ ਆਮ ਲੋਕਾਂ ਨੂੰ ਵਧੀਆ ਬਿਜਲੀ ਸੇਵਾਵਾਂ ਪ੍ਰਦਾਨ ਕਰਨ ਲਈ ਵਰਤਿਆ ਜਾਣਾ ਹੈ | ਪੰਜਾਬ ਸਰਕਾਰ ਦੀ ਇਹ ਕਾਰਵਾਈ ਪਾਵਰਕਾਮ ਤੇ ਟਰਾਂਸਕੋ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਤੁਰੰਤ ਬੰਦ ਹੋਣੀ ਚਾਹੀਦੀ ਹੈ | ਕੌਂਸਲ ਲੀਡਰਸ਼ਿਪ ਨੇ ਅੱਗੇ ਦੱਸਿਆ ਕਿ ਕੇਂਦਰੀ ਸਰਕਾਰ ਦੇ ਬਿਜਲੀ ਮੰਤਰਾਲੇ ਵਲੋਂ 9 ਅਕਤੂਬਰ ਨੂੰ ਬਿਜਲੀ ਸੋਧ ਬਿਲ-2025 ਦਾ ਖਰੜਾ ਪ੍ਰਕਾਸ਼ਿਤ ਕੀਤਾ ਹੈ | ਇਸ ਨਾਲ ਬਿਜਲੀ ਵੰਡ ਖੇਤਰ ਵਿਚ ਰਾਜ ਸਰਕਾਰਾਂ ਦੀ ਭਾਗੀਦਾਰੀ ਰਸਮੀ ਰਹਿ ਜਾਵੇਗੀ ਤੇ ਕੇਂਦਰ ਸਰਕਾਰ ਦਾ ਕੰਟਰੋਲ ਵੱਧ ਜਾਵੇਗਾ | ਨਵੇਂ ਬਿਲ ਅਨੁਸਾਰ ਬਿਜਲੀ ਦੇ ਖ਼ਰਚੇ ਸੇਵਾ ਦੀ ਲਾਗਤ ਦੇ ਅਧਾਰ ਤੇ ਨਿਰਧਾਰਿਤ ਕੀਤੇ ਜਾਣਗੇ, ਜਿਸ ਨਾਲ ਖਪਤਕਾਰਾਂ 'ਤੇ ਬਿਜਲੀ ਦੇ ਖ਼ਰਚਿਆਂ ਦਾ ਬੋਝ ਵਧੇਗਾ | ਜੇ. ਈ. ਕੌਂਸਲ ਨੇ ਰਾਜ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੋਕ ਵਿਰੋਧੀ ਨੀਤੀਆਂ ਦੇ ਫ਼ੈਸਲਿਆਂ ਨੂੰ ਤੁਰੰਤ ਵਾਪਸ ਲਿਆ ਜਾਵੇ |