13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਦਿਨੋ-ਦਿਨ ਵੱਧਦੀ ਜਾ ਰਹੀ ਹੈ ਜ਼ਿਲੇ੍ਹ 'ਚ ਲਾਵਾਰਸ ਕੁੱਤਿਆਂ ਦੀ ਗਿਣਤੀ <br/>

Ad Position 21
No active advertisement
ਅਜੀਤ ਡੈਸਕ 22-11-2025
ਅਮਲੋਹ, 21 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਜਿਥੇ ਇਕ ਪਾਸੇ ਨਿਆਂਪਾਲਿਕਾ ਵਲੋਂ ਲਾਵਾਰਸ ਕੁੱਤਿਆਂ ਦੀ ਦਹਿਸ਼ਤ ਤੋਂ ਆਮ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ | ਉੱਥੇ ਇਸ ਜ਼ਿਲੇ੍ਹ 'ਚ ਲਾਵਾਰਸ ਕੁੱਤਿਆਂ ਦੀ ਗਿਣਤੀ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਜਿਸ ਨੂੰ ਕਾਬੂ ਕਰਨ ਵਿਚ ਵਿਭਾਗ ਵਲੋਂ ਅਜੇ ਤੱਕ ਕੋਈ ਵੀ ਸਾਰਥਕ ਕਦਮ ਨਹੀਂ ਚੁੱਕੇ ਗਏ ਹਨ | ਵਰਨਣਯੋਗ ਹੈ ਕਿ ਇਸ ਜ਼ਿਲ੍ਹੇ ਵਿਚ ਲਾਵਾਰਸ ਕੁੱਤਿਆਂ ਦੀ ਗਿਣਤੀ ਹੀ ਨਹੀਂ, ਸਗੋਂ ਇਨ੍ਹਾਂ ਦੀ ਦਹਿਸ਼ਤ ਵੀ ਆਏ ਦਿਨ ਵੱਧਦੀ ਜਾ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਦੀ ਗਿਣਤੀ ਘਟਾਉਣ ਲਈ ਅਜੇ ਤੱਕ ਕੋਈ ਵੀ ਸਾਰਥਕ ਕਦਮ ਨਹੀਂ ਚੁੱਕੇ ਗਏ, ਕਿਉਂਕਿ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਵਿਚੋਂ ਜਾਂ ਸ਼ਹਿਰਾਂ ਦੇ ਮੁਹੱਲਿਆਂ 'ਚੋਂ ਕੋਈ ਅਜਿਹੀ ਜਾਣਕਾਰੀ ਨਹੀਂ ਮਿਲੀ, ਜਿੱਥੇ ਇਨ੍ਹਾਂ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਹੋਵੇ ਤਾਂ ਜੋ ਇਨ੍ਹਾਂ ਦੀ ਗਿਣਤੀ ਵਧਣ ਤੋਂ ਰੋਕੀ ਜਾ ਸਕੇ | ਇਸ ਦੇ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਇਹ ਵੀ ਪਤਾ ਚੱਲਿਆ ਕਿ ਇਸ ਜ਼ਿਲੇ੍ਹ 'ਚ ਕੋਈ ਵੀ ਸ਼ੈਲਟਰ ਹਾਊਸ ਨਹੀਂ, ਜਿੱਥੇ ਲਾਵਾਰਸ ਕੁੱਤਿਆਂ ਨੂੰ ਕਾਬੂ ਕਰਕੇ ਰੱਖਿਆ ਜਾ ਸਕੇ | ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਸੁਪਰੀਮ ਕੋਰਟ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਆਵਾਰਾ ਕੁੱਤਿਆਂ ਦੀ ਗਿਣਤੀ ਘਟਾਉਣ ਜਾਂ ਇਨ੍ਹਾਂ ਨੂੰ ਕਾਬੂ ਕਰਨ ਦੇ ਉਪਰਾਲੇ ਕਰਨ ਦੀ ਥਾਂ ਕੁੱਤਿਆਂ ਦੀ ਵਿਕਰੀ ਕਰਨ ਵਾਲੀਆਂ ਪੈੱਟ ਸ਼ੋਪਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ | ਹਾਲ ਹੀ ਵਿਚ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਵਲੋਂ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ 'ਚ ਕਿਹਾ ਗਿਆ ਹੈ ਕਿ ਜ਼ਿਲੇ੍ਹ ਵਿਚ ਕੁੱਤਿਆਂ ਦੀ ਖ਼ਰੀਦੋ ਫ਼ਰੋਖ਼ਤ ਕਰਨ ਵਾਲੀਆਂ ਦੁਕਾਨਾਂ ਅਤੇ ਬਰੀਡਰਾਂ 'ਤੇ ਸਖ਼ਤ ਨਿਯਮ ਕਾਨੂੰਨ ਲਾਗੂ ਕੀਤੇ ਜਾਣ | ਜਦ ਕਿ ਚਾਹੀਦਾ ਇਹ ਸੀ ਕਿ ਅਜਿਹੇ ਨਿਯਮ ਕਾਨੂੰਨਾਂ ਤੋਂ ਪਹਿਲਾਂ ਗਲੀਆਂ ਮਹੱਲਿਆਂ ਵਿਚ ਘੁੰਮ ਰਹੇ ਲਾਵਾਰਸ ਕੁੱਤਿਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਸ਼ੈਲਟਰ ਹਾਊਸਾਂ ਵਿਚ ਪਹੁੰਚਾਇਆ ਜਾਂਦਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਗਿਣਤੀ ਅੱਗੋਂ ਤੋਂ ਨਾ ਵਧੇ, ਇਸ ਲਈ ਉਨ੍ਹਾਂ ਦੀ ਨਸਬੰਦੀ ਕਰਨ ਦੇ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਸੀ | ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਸਾਰੇ ਪੱਖਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਪੈੱਟ ਹਾਊਸਾਂ ਉੱਪਰ ਸਖ਼ਤੀ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦਾ ਸ਼ਾਇਦ ਉਨ੍ਹਾਂ ਫ਼ਾਇਦਾ ਨਾ ਹੋਵੇ ਜਿੰਨਾ ਲਾਵਾਰਸ ਕੁੱਤਿਆਂ ਦੀ ਨਸਬੰਦੀ ਕਰਨ ਤੇ ਉਨ੍ਹਾਂ ਨੂੰ ਕਾਬੂ ਕਰਕੇ ਸ਼ੈਲਟਰ ਹਾਊਸਾਂ ਵਿਚ ਪਹੁੰਚਾਉਣ ਨਾਲ ਹੋਣਾ ਸੀ, ਕਿਉਂਕਿ ਘਰਾਂ ਵਿਚ ਰੱਖੇ ਹੋਏ ਕੁੱਤੇ ਇੰਨੇ ਖ਼ਤਰਨਾਕ ਨਹੀਂ ਹੁੰਦੇ ਜਿੰਨੇ ਲਾਵਾਰਸ ਕੁੱਤੇ ਹੁੰਦੇ ਹਨ | ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਜਨਤਕ ਸਮੱਸਿਆ ਵੱਲ ਉਚਿਤ ਧਿਆਨ ਦੇ ਕੇ ਜਿੰਨਾ ਜਲਦੀ ਹੋ ਸਕਦਾ ਹੈ ਇਸ ਦਾ ਹੱਲ ਕਰਨ | ਇਸ ਮਾਮਲੇ ਸੰਬੰਧੀ ਜ਼ਿਲੇ੍ਹ ਦੇ ਪਸ਼ੂ ਪਾਲਨ ਵਿਭਾਗ ਨੇ ਪੁਸ਼ਟੀ ਕੀਤੀ ਕਿ ਜ਼ਿਲ੍ਹੇ 'ਚ ਕੋਈ ਵੀ ਅਜਿਹਾ ਡਾਗ ਸ਼ੈਲਟਰ ਹਾਊਸ ਨਹੀਂ, ਜਿਥੇ ਲਾਵਾਰਸ ਕੁੱਤਿਆਂ ਨੂੰ ਕਾਬੂ ਵਿਚ ਰੱਖਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਜਲਦ ਹੀ ਮੰਡੀ ਗੋਬਿੰਦਗੜ੍ਹ 'ਚ ਕੁੱਤਿਆਂ ਦੀ ਨਸਬੰਦੀ ਕਰਨ ਲਈ ਇਕ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ | ਜਿਸ ਲਈ ਇਕ ਨਿੱਜੀ ਕੰਪਨੀ ਨਾਲ ਸਮਝੌਤਾ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਜ਼ਿਲ੍ਹੇ 'ਚ ਘੁੰਮ ਰਹੇ ਸਾਰੇ ਲਾਵਾਰਸ ਕੁੱਤਿਆਂ ਦੀ ਇਕ-ਇਕ ਕਰਕੇ ਨਸਬੰਦੀ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕੁੜੀ ਨਾਲ ਛੇੜਛਾੜ ਮਾਮਲੇ 'ਚ ਅਕੈਡਮੀ ਸੰਚਾਲਕ ਨਾਮਜ਼ਦ ਅਗਲੀ ਖ਼ਬਰ ਸਿਹਤ ਵਿਭਾਗ ਨੇ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਹਾਟ ਸਪਾਟ ਖੇਤਰਾਂ 'ਚ ਕੀਤੀਆਂ ਗਤੀਵਿਧੀਆਂ <br/>
Ad Position 24