ਹਲਕਾ ਵਿਧਾਇਕ ਰਾਏ ਨੇ ਲਿੰਕਨ ਕਾਲਜ ਰੋਡ ਵਿਖੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ
ਅਜੀਤ ਡੈਸਕ
23-11-2025
ਇਸ ਮੋਕੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਸਾਥੀਆਂ ਸਮੇਤ ਕੰਮ ਦਾ ਜਾਇਜ਼ਾ ਲੈਣ ਲਈ ਪਹੁੰਚੇ | ਇਸ ਮੌਕੇ ਵਿਧਾਇਕ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਦੀਆਂ 90 ਫ਼ੀਸਦੀ ਸੜਕਾਂ ਦਾ ਨਵੀਨੀਕਰਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵੀਂ ਪਾਲਿਸੀ ਦੇ ਤਹਿਤ ਸੜਕਾਂ ਨੂੰ ਬਣਾਇਆ ਜਾ ਰਿਹਾ ਅਤੇ ਸੜਕ ਦੇ ਪੰਜ ਸਾਲ ਦਾ ਰੱਖ ਰਖਾਓ ਵੀ ਠੇਕੇਦਾਰਾਂ ਨੂੰ ਸੌਂਪਿਆ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ | ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਦੋਂ ਸੜਕ ਬਣੇਗੀ ਉਦੋਂ ਮੈਟੀਰੀਅਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ, ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕੰਮ ਨੂੰ ਤੁਰੰਤ ਰੁਕਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਪਾਉਣ ਕਰਕੇ ਰੁਕਿਆ ਹੋਇਆ ਸੀ, ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇਸ ਨੂੰ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਪੂਰਾ ਕਰ ਦਿੱਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ਤਪਾਲ ਜੱਸੀ, ਕੌਂਸਲਰ ਦਵਿੰਦਰ ਕੌਰ, ਬਹਾਦਰ ਖਾਨ ਪੀਏ, ਸਾਬਕਾ ਸਰਪੰਚ ਅਮਰੀਕ ਸਿੰਘ ਬਾਲਪੁਰ, ਸਰਪੰਚ ਕੁਲਵਿੰਦਰ ਸਿੰਘ ਡੇਰਾ, ਸੁਖਵੀਰ ਸਿੰਘ ਆਦਿ ਵੀ ਹਾਜ਼ਰ ਸਨ |