ਬਸੀ ਪਠਾਣਾਂ, 22 ਨਵੰਬਰ (ਐਚ.ਐਸ.ਗੌਤਮ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦਾ ਅੱਜ ਇੱਥੇ ਪਹੁੰਚਣ 'ਤੇ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਵਲੋਂ ਭਰਵਾਂ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਅੱਜ ਸਵੇਰੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਏ ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਰਧਾ ਨਾਲ ਸ਼ਾਮਿਲ ਹੋਈਆਂ | ਵਿਧਾਇਕ ਹੈਪੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਤੇ ਇਲਾਕੇ ਦੇ ਲੋਕਾਂ ਨੇ ਨਗਰ ਕੀਰਤਨ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ | ਵਿਧਾਇਕ ਹੈਪੀ ਨੇ ਇਸ ਮੌਕੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੱਗੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਵਿਧਾਇਕ ਹੈਪੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਸਾਨੂੰ ਮਹਾਨ ਬਲੀਦਾਨ ਤੇ ਮਾਨਵਤਾ ਦੇ ਸਿਧਾਂਤਾਂ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ |