ਪਟਿਆਲਾ, 23 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦਾ ਚਾਰ ਦਿਨਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਅੰਤਲੇ ਦਿਨ ਗਿੱਧੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਆਪਣੇ ਸਿਖਰ ਵੱਲ ਵਧਿਆ ਅਤੇ ਸਫਲਤਾਪੂਰਵਕ ਸੰਪੰਨ ਹੋ ਗਿਆ | ਅੰਤਿਮ ਦਿਨ ਦੇਰ ਸ਼ਾਮ ਹੋਏ ਇਨਾਮ ਵੰਡ ਸਮਾਰੋਹ ਵਿਚ ਉਪ-ਕੁਲਪਤੀ ਡਾ. ਜਗਦੀਪ ਸਿੰਘ ਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਉੱਘੇ ਗਾਇਕ ਅਤੇ ਫ਼ਿਲਮੀ ਅਦਾਕਾਰ ਕਰਮਜੀਤ ਅਨਮੋਲ ਵਲੋਂ ਜੇਤੂ ਟੀਮਾਂ ਨੂੰ ਤਗਮੇ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਆ | ਕਰਮਜੀਤ ਅਨਮੋਲ ਵਲੋਂ ਗਾਏ ਆਪਣੇ ਪ੍ਰਸਿੱਧ ਗਾਣਿਆਂ 'ਯਾਰਾ ਓ ਯਾਰਾ' ਅਤੇ 'ਮੈਂ ਚਾਦਰ ਕੱਢਦੀ ਨੀ' ਨਾਲ ਗੁਰੂ ਤੇਗ ਬਹਾਦਰ ਹਾਲ ਵਿਚਲੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ | ਉਨ੍ਹਾਂ ਇਸ ਮੌਕੇ ਸਰੋਤਿਆਂ ਨੂੰ ਚੰਗੇ ਸੰਗੀਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਉਪ-ਕੁਲਪਤੀ ਡਾ. ਜਗਦੀਪ ਸਿੰਘ ਦੇ ਹਮਸਫ਼ਰ ਡਾ ਸੁਖਜੀਤ ਕੌਰ ਸਿੱਧੂ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਮੇਲੇ ਦੀ ਓਵਰਆਲ ਟਰਾਫ਼ੀ ਖ਼ਾਲਸਾ ਕਾਲਜ ਪਟਿਆਲਾ ਨੇ ਜਿੱਤੀ | ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾ ਰਨਰ-ਅਪ ਭਾਵ ਦੂਜਾ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਦੂਜਾ ਰਨਰ-ਅਪ ਭਾਵ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਹੋਰ ਨਤੀਜਿਆਂ ਵਿਚ ਸੰਗੀਤ ਖੇਤਰ ਦੀ ਓਵਰਆਲ ਟਰਾਫ਼ੀ ਖ਼ਾਲਸਾ ਕਾਲਜ ਪਟਿਆਲਾ ਨੇ ਜਿੱਤੀ | ਥੀਏਟਰ ਦੇ ਖੇਤਰ ਦੀ ਓਵਰਆਲ ਟਰਾਫ਼ੀ ਸਰਕਾਰੀ ਕਾਲਜ ਰੋਪੜ ਨੇ ਜਿੱਤੀ | ਨਿ੍ਤ ਖੇਤਰ ਦੀ ਓਵਰਆਲ ਟਰਾਫ਼ੀ ਖ਼ਾਲਸਾ ਕਾਲਜ ਪਟਿਆਲਾ ਦੇ ਹਿੱਸੇ ਆਈ | ਲੋਕ ਕਲਾਵਾਂ ਦੇ ਖੇਤਰ ਦੀ ਓਵਰ ਆਲ ਟਰਾਫ਼ੀ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਜਿੱਤੀ | ਸਾਹਿਤਿਕ ਕਲਾਵਾਂ ਦੇ ਖੇਤਰ ਦੀ ਓਵਰਆਲ ਟਰਾਫ਼ੀ ਖ਼ਾਲਸਾ ਕਾਲਜ ਪਟਿਆਲਾ ਨੇ ਹਾਸਿਲ ਕੀਤੀ | ਫਾਈਨ ਆਰਟਸ ਦੀ ਓਵਰਆਲ ਟਰਾਫ਼ੀ ਗੁਰੂ ਨਾਨਕ ਕਾਲਜ ਬੁਢਲਾਡਾ ਅਤੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਨੇ ਸਾਂਝੇ ਤੌਰ 'ਤੇ ਜਿੱਤੀ | ਭੰਗੜੇ ਵਿਚ ਪਹਿਲਾ ਸਥਾਨ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਅਤੇ ਦੂਜਾ ਸਥਾਨ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਨੇ ਪ੍ਰਾਪਤ ਕੀਤਾ | ਗਿੱਧੇ ਵਿਚ ਪਹਿਲਾ ਸਥਾਨ ਰਿਪੁਦਮਨ ਕਾਲਜ ਨਾਭਾ ਤੇ ਦੂਜਾ ਸਥਾਨ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਦੀ ਟੀਮ ਨੇ ਪ੍ਰਾਪਤ ਕੀਤਾ | ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਵਿਦਿਆਰਥੀ ਰਾਜ ਕਰਨ ਨੇ ਭੰਗੜੇ ਵਿਚ ਤੇ ਡੀ. ਏ. ਵੀ. ਕਾਲਜ ਬਠਿੰਡਾ ਦੀ ਪਰਨੀਤ ਕੌਰ 'ਬੈੱਸਟ ਡਾਂਸਰ' ਚੁਣੇ ਗਏ | ਜ਼ਿਕਰਯੋਗ ਹੈ ਕਿ ਇਸ ਵਾਰ 'ਬੈੱਸਟ ਡਾਂਸਰ' ਦੀ ਟਰਾਫ਼ੀ ਹਾਲ 'ਚ ਵਿੱਛੜੀ ਯੁਵਕ ਭਲਾਈ ਵਿਭਾਗ ਦੀ ਕਰਮਚਾਰੀ ਮਰਹੂਮ ਸ਼ਮਸ਼ੇਰ ਚਹਿਲ ਅਤੇ ਭੰਗੜੇ ਦੀ 'ਬੈੱਸਟ ਡਾਂਸਰ' ਟਰਾਫ਼ੀ ਮਰਹੂਮ ਤੇਜਿੰਦਰ ਚਹਿਲ ਨੂੰ ਸਮਰਪਿਤ ਕੀਤੀ ਗਈ ਹੈ |
ਪੰਜਾਬ 'ਵਰਸਿਟੀ ਦਾ ਅੰਤਰ ਖੇਤਰੀ ਯੁਵਕ ਤੇ ਲੋਕ ਮੇਲਾ ਸਮਾਪਤ
ਅਜੀਤ ਡੈਸਕ
24-11-2025