ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਤਾਏ ਪਿੰਡਾਂ ਦੇ ਲੋਕ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਣ ਲਈ ਤਿਆਰ ਬੈਠੇ ਹਨ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਸਰਕਾਰ ਨੂੰ ਚੱਲਦਾ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ | ਇਸ ਗੱਲ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਜੋਨ ਨੰ. 8 ਦੇ ਉਮੀਦਵਾਰ ਬਲਿਹਾਰ ਸਿੰਘ ਚੁੰਨ੍ਹੀ ਨੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਚੁੰਨੀ ਨੇ ਕਿਹਾ ਕਿ 'ਆਪ' ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਲੋਕਾਂ ਨੂੰ ਝੂਠੇ ਲਾਰਿਆਂ ਵਿਚ ਫਸਾ ਕੇ ਸਰਕਾਰ ਬਣਾਉਣ ਤੋਂ ਬਾਅਦ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਤੋਂ ਸਿਵਾਏ ਪੰਜਾਬ ਦਾ ਕੁਝ ਨਹੀਂ ਸੰਵਾਰਿਆ ਸਗੋਂ ਵਾਰ-ਵਾਰ ਕਰਜ਼ਾ ਚੁੱਕ ਕੇ ਪੰਜਾਬ ਨੂੰ ਕਰਜ਼ਈ ਬਣਾ ਦਿੱਤਾ ਹੈ | ਜਦੋਂਕਿ 'ਆਪ' ਸਰਕਾਰ ਦੇ ਸਤਾਏ ਹਰ ਵਰਗ ਦੇ ਲੋਕ ਤੇ ਮੁਲਾਜ਼ਮ ਆਪਣੇ ਹੱਕਾਂ ਲਈ ਸੜਕਾਂ 'ਤੇ ਧਰਨੇ ਮੁਜ਼ਾਹਰੇ ਕਰ ਰਹੇ ਹਨ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ 'ਆਪ' ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇ ਕੇ ਝੂਠ ਦਾ ਸਬਕ ਸਿਖਾਇਆ ਜਾਵੇ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਬਹੁਮਤ ਨਾਲ ਜਿੱਤ ਦਿਵਾਈ ਜਾਵੇ | ਇਸ ਮੌਕੇ 'ਤੇ ਨਿਰਮਲ ਸਿੰਘ, ਅਜੈਬ ਸਿੰਘ, ਸੁਖਵਿੰਦਰ ਸਿੰਘ ਚੁੰਨ੍ਹੀ ਖੁਰਦ, ਸਰਪੰਚ ਬਲਦੇਵ ਸਿੰਘ ਪੱਤੋਂ ਵੀ ਹਾਜ਼ਰ ਸਨ |