ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਮਨਪ੍ਰੀਤ ਸਿੰਘ)-ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਅਧੀਨ ਆਉਂਦੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਵਿਧਾਇਕ ਰਾਏ ਵਲੋਂ ਪਿੰਡ ਮਹੱਦੀਆਂ ਤੋਂ ਚੋਣ ਪ੍ਰਚਾਰ ਸ਼ੁਰੂ ਕਰਕੇ ਮਾਧੋਪੁਰ, ਭੱਟ ਮਾਜਰਾ, ਸੈਦਪੁਰਾ, ਸਾਨੀਪੁਰ, ਸਿੱਧੂਪੁਰ, ਤਰਖਾਣ ਮਾਜਰਾ, ਮਲਕਪੁਰ, ਚਨਾਲੋ ਅਤੇ ਮੰਢੌਰ ਆਦਿ ਪਿੰਡਾਂ ਦੇ ਵਿਚ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ | ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਦੇ ਵਿਚ ਆਏ ਹਨ, ਉਨ੍ਹਾਂ ਵਲੋਂ ਸੂਬੇ ਦੀ ਨੁਹਾਰ ਬਦਲਣ ਦੇ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਸਹੂਲਤਾਂ ਦੇ ਵਿਚ ਸੁਧਾਰ ਕਰਦਿਆਂ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਗਈ ਹੈ | ਇਸੇ ਤਰ੍ਹਾਂ ਸਿਹਤ ਸਹੂਲਤਾਂ ਦੇ ਵਿਚ ਸੁਧਾਰ ਕਰਦਿਆਂ ਆਮ ਆਦਮੀ ਕਲੀਨਿਕ ਖ਼ੋਲ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ ਮੁਫ਼ਤ ਟੈੱਸਟ ਵੀ ਕੀਤੇ ਜਾ ਰਹੇ ਹਨ | ਇੱਥੇ ਹੀ ਬੱਸ ਨਹੀਂ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲਣ ਦੇ ਲਈ ਬਹੁਤ ਸਾਰੇ ਸੁਧਾਰ ਕੀਤੇ ਗਏ, ਜਿਸ ਦੀ ਬਦੌਲਤ ਸੂਬੇ ਦੇ ਲੋਕਾਂ ਦਾ ਸਰਕਾਰੀ ਹਸਪਤਾਲਾਂ 'ਤੇ ਭਰੋਸਾ ਬਣਿਆ ਹੈ | ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ 60 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਸਿਫ਼ਾਰਸ਼ਾਂ ਦੇ ਨਾਲ ਹੀ ਮਿਲਦੀਆਂ ਸਨ | ਉਨ੍ਹਾਂ ਕਿਹਾ ਕਿ ਲੋਕ ਉਕਤ ਕਾਰਜਾਂ ਨੂੰ ਦੇਖਦਿਆਂ 'ਆਪ' ਦੇ ਉਮੀਦਵਾਰਾਂ ਨੂੰ ਵੋਟ ਦੇਣ ਤਾਂ ਜੋ ਸੂਬੇ ਦੇ ਹੋਰ ਵਧੇਰੇ ਵਿਕਾਸ ਕਾਰਜ ਕਰਵਾਏ ਜਾ ਸਕਣ | ਇਸ ਮੌਕੇ ਯੂਥ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਸਰਪੰਚ ਕੁਲਵਿੰਦਰ ਸਿੰਘ ਡੇਰਾ, ਲਖਵਿੰਦਰ ਸਿੰਘ ਮਾਧੋਪੁਰ, ਗੁਰਬਖ਼ਸ਼ ਸਿੰਘ ਮਾਧੋਪੁਰ, ਅਮਰੀਕ ਸਿੰਘ ਬਾਲਪੁਰ, ਅਸ਼ਵਨੀ ਭੱਟਮਾਜਰਾ, ਸਰਪੰਚ ਇੰਦਰਦੀਪ ਸਿੰਘ ਸਾਨੀਪੁਰ, ਸਰਪੰਚ ਮਲਕੀਤ ਸਿੰਘ, ਬਿਕਰਮਜੀਤ ਤਰਖਾਣ ਮਾਜਰਾ ਵੀ ਹਾਜ਼ਰ ਸਨ |