ਫ਼ਤਹਿਗੜ੍ਹ ਸਾਹਿਬ, 20 ਦਸੰਬਰ (ਮਨਪ੍ਰੀਤ ਸਿੰਘ)-ਇਕ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਭਰਨ ਵਾਲੇ ਸ਼ਹੀਦੀ ਜੋੜ ਮੇਲ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਆਰੰਭੀਆਂ ਗਈਆਂ ਹਨ ਤੇ ਫ਼ਤਹਿਗੜ੍ਹ ਸਾਹਿਬ ਦੇ ਚੁਗਿਰਦੇ ਨੂੰ ਸਾਫ਼ ਸੁਥਰਾ ਕੀਤਾ ਜਾ ਰਿਹਾ ਹੈ, ਉੱਥੇ ਹੀ ਸਰਹਿੰਦ ਜੀ.ਟੀ ਰੋਡ 'ਤੇ ਬਣੇ ਓਵਰਬਿ੍ਜ ਹੇਠ ਪੂਰੀ ਤਰ੍ਹਾਂ ਗੰਦਗੀ ਦਾ ਮਾਹੌਲ ਹੈ ਤੇ ਲੋਕਾਂ ਦੁਆਰਾ ਆਰਜ਼ੀ ਤੌਰ 'ਤੇ ਕਬਜ਼ੇ ਕਰ ਆਪਣੀਆਂ ਦੁਕਾਨਾਂ ਲਗਾਈਆਂ ਹੋਈਆਂ ਹਨ ਤੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਪੁਲ ਹੇਠ ਪ੍ਰਵਾਸੀਆਂ ਦੁਆਰਾ ਕਬਜ਼ਾ ਕਰ ਬੀੜੀ, ਸਿਗਰਟ, ਗੁਟਕਾ ਆਦਿ ਵੇਚਿਆ ਜਾ ਰਿਹਾ ਹੈ, ਜਿਸ ਸਦਕਾ ਆਉਣ ਜਾਣ ਵਾਲੀਆਂ ਸੰਗਤਾਂ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ | ਦੱਸਣਯੋਗ ਹੈ ਕਿ ਸ਼ਹੀਦੀ ਸਭਾ ਦੇ ਚੱਲਦਿਆਂ ਜਿੱਥੇ ਇਲਾਕੇ ਦੇ ਲੋਕਾਂ ਵਲੋਂ ਸੰਗਤਾਂ ਦੇ ਸੁਆਗਤ ਲਈ ਸਾਫ਼ ਸਫ਼ਾਈਆਂ ਆਰੰਭੀਆਂ ਹੋਈਆਂ ਹਨ ਤੇ ਆਪਣੇ ਆਲ਼ੇ ਦੁਆਲੇ ਦੇ ਚੁਗਿਰਦੇ ਨੂੰ ਸਾਫ਼ ਸੁਥਰਾ ਕੀਤਾ ਜਾ ਰਿਹਾ ਹੈ, ਉੱਥੇ ਹੀ ਸਰਹਿੰਦ ਜੀ.ਟੀ ਰੋਡ ਪੁਲ ਦੇ ਹੇਠ ਬਣੀਆਂ ਆਰਜ਼ੀ ਦੁਕਾਨਾਂ ਤੇ ਲੰਮੇ ਸਮੇਂ ਤੋਂ ਖੜ੍ਹੀ ਕਬਾੜ ਦਾ ਰੂਪ ਧਾਰ ਚੁੱਕੀ ਇਕ ਨਿੱਜੀ ਕੰਪਨੀ ਦੀ ਬੱਸ, ਆਲ਼ੇ ਦੁਆਲੇ ਦੀਆਂ ਦੁਕਾਨਾਂ ਦਾ ਮਲਬਾ, ਇਨ੍ਹਾਂ ਤਿਆਰੀਆਂ ਦਾ ਮੂੰਹ ਚਿੜਾਉਂਦਾ ਦਿਖਾਈ ਦਿੰਦਾ ਹੈ | ਭਾਵੇਂ ਕਿ ਇਹ ਰੋਡ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੀ ਹਦੂਦ 'ਚ ਆਉਂਦਾ ਹੈ, ਪਰ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਤੋਂ ਬੇਖ਼ਬਰ ਜਾਪਦੇ ਹਨ ਤੇ ਆਲ਼ੇ ਦੁਆਲੇ ਦੇ ਦੁਕਾਨਦਾਰਾਂ ਵਲੋਂ ਪੁਲ ਹੇਠਲੀ ਜਗ੍ਹਾ ਨੂੰ ਆਪਣੀ ਜਗੀਰ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ ਤੇ ਇਸ ਥਾਂ 'ਤੇ ਪੂਰੀ ਗੰਦਗੀ ਫੈਲਾਈ ਜਾ ਰਹੀ ਹੈ ਤੇ ਨਾਲ ਹੀ ਪੁਲ ਦੇ ਥੱਲੇ ਜ਼ਿਆਦਾਤਰ ਹਿੱਸੇ 'ਚ ਹਮੇਸ਼ਾ ਟਰੱਕ ਪਾਰਕ ਰਹਿੰਦੇ ਹਨ, ਜਿਨ੍ਹਾਂ ਦੁਆਰਾ ਪੂਰੀ ਥਾਂ ਨੂੰ ਘੇਰਨ ਤੋਂ ਇਲਾਵਾ ਆਪਣਾ ਖਾਣਾ ਪੀਣਾ ਇਸੇ ਥਾਂ 'ਤੇ ਬਣਾਇਆ ਜਾਂਦਾ ਹੈ, ਜਿਸ ਕਾਰਨ ਵੀ ਇਸ ਜਗ੍ਹਾ ਤੋਂ ਲੰਘਣ ਵਾਲੇ ਲੋਕਾਂ ਨੂੰ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ, ਜਦਕਿ ਪਿਛਲੀ ਸਰਕਾਰ ਸਮੇਂ ਇਹ ਜਗ੍ਹਾ ਲੋਕਾਂ ਦੇ ਸੈਰ ਕਰਨ ਲਈ ਵਰਤੀ ਜਾਂਦੀ ਸੀ ਤੇ ਉਕਤ ਸਰਕਾਰ ਦੁਆਰਾ ਇਸ ਜਗ੍ਹਾ 'ਤੇ ਗੰਦਗੀ ਫੈਲਾਉਣ ਦੀ ਸਖ਼ਤ ਮਨਾਹੀ ਕੀਤੀ ਹੋਈ ਸੀ, ਪਰ ਹੁਣ ਪੁਲ ਹੇਠਲੀ ਜਗ੍ਹਾ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿਸ ਨੂੰ ਕਿ 'ਆਪ' ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹੀ ਸਾਫ਼ ਸੁਥਰਾ ਕੀਤਾ ਜਾ ਸਕਦਾ ਹੈ | ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫ਼ਸਰ ਨੇ ਇਸ ਸਬੰਧੀ ਜਦੋਂ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਉਕਤ ਸਥਾਨ ਦਾ ਜਾਇਜ਼ਾ ਲੈਣਗੇ ਤੇ ਹਾਈਵੇ ਦੇ ਸਬੰਧਿਤ ਅਧਿਕਾਰੀਆਂ ਨੂੰ ਲਿਖਣਗੇ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਜਾਂ ਨਜਾਇਜ਼ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਕਤ ਵਿਅਕਤੀਆਂ 'ਤੇ ਫ਼ੌਰੀ ਕਾਰਵਾਈ ਕੀਤੀ ਜਾਵੇਗੀ |