ਫ਼ਤਹਿਗੜ੍ਹ ਸਾਹਿਬ, 20 ਦਸੰਬਰ (ਮਨਪ੍ਰੀਤ ਸਿੰਘ)- ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਸੰਤ ਮਹਾਂਪੁਰਖਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਦੇ ਜੀ.ਏ. ਸ਼ੰਕਰ ਸ਼ਰਮਾ ਰਾਹੀਂ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਥਾਨ ਉੱਪਰ 25 ਦਸੰਬਰ ਤੋਂ ਸ਼ੁਰੂ ਹੋ ਰਹੀ ਸ਼ਹੀਦੀ ਸਭਾ ਨੂੰ ਮੁੱਖ ਰੱਖ ਕੇ ਫ਼ਤਹਿਗੜ੍ਹ ਸਾਹਿਬ ਦੀਆਂ ਸੜਕਾਂ ਉੱਪਰ ਸਥਿਤ ਚਾਰੇ ਗੇਟਾਂ ਦੇ ਅੰਦਰ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਮੰਗ ਕੀਤੀ ਗਈ |ਵਫ਼ਦ ਵਿਚ ਸੰਤ ਬਾਬਾ ਦਰਬਾਰਾ ਸਿੰਘ ਰੋਹੀਸਰ ਵਾਲੇ, ਬਾਬਾ ਬੂਟਾ ਸਿੰਘ ਕਲੱਰ ਭੈਣੀ ਵਾਲੇ, ਬਾਬਾ ਬਲਵਿੰਦਰ ਸਿੰਘ, ਸੁਰਜੀਤ ਸਿੰਘ ਬਾਬਰਪੁਰ, ਅਮਰਜੀਤ ਸਿੰਘ, ਯੁੱਧਵੀਰ ਸਿੰਘ, ਰਣਜੀਤ ਸਿੰਘ ਅਤੇ ਹਰਜੀਤ ਸਿੰਘ ਵੀ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਹਰ ਸਾਲ ਦੇਸ ਵਿਦੇਸ਼ ਤੋਂ ਇਸ ਸਹੀਦੀ ਸਭਾ ਵਿਚ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਇਸ ਸਮੇਂ ਸ਼ਰਾਬ ਦੇ ਠੇਕੇ ਖੁੱਲੇ੍ਹ ਰਹਿੰਦੇ ਹਨ ਜਾਂ ਠੇਕੇਦਾਰ ਰਾਤ ਬਰਾਤੇ ਇਸ ਨੂੰ ਮੇਲਾ ਸਮਝ ਕੇ ਸ਼ਰਾਬ ਵੇਚਦੇ ਹਨ, ਜੋ ਬਹੁਤ ਹੀ ਦੁਖਦਾਇਕ ਤੇ ਨਿੰਦਣਯੋਗ ਹੈ | ਪ੍ਰਧਾਨ ਸਹੌਲੀ ਨੇ ਕਿਹਾ ਕਿ ਅਕਾਲੀ ਦਲ ਸੁਤੰਤਰ ਵਲੋਂ ਹਰ ਸਾਲ ਪ੍ਰਸ਼ਾਸਨ ਨੂੰ ਇਹ ਮਾਮਲਾ ਧਿਆਨ ਵਿਚ ਲਿਆਂਦਾ ਜਾਂਦਾ ਹੈ ਪਰ ਪਿਛਲੇ ਸਾਲ 3 ਦਿਨ ਲਈ ਠੇਕੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਅੰਦਰਲੇ ਰਸਤੇ ਨੂੰ ਜਾਂਦੀ ਸੜਕ 'ਤੇ ਠੇਕਾ ਖੁੱਲ੍ਹਾ ਸੀ ਜਿਸ ਨੂੰ ਸੰਗਤਾਂ ਦੇ ਸਹਿਯੋਗ ਨਾਲ ਬੰਦ ਕਰਵਾਇਆ ਗਿਆ | ਉਨ੍ਹਾਂ ਮੰਗ ਕੀਤੀ ਕਿ ਪੋਹ ਦੀ ਸੰਗਰਾਂਦ ਤੋਂ ਮਾਘੀ ਦੀ ਸੰਗਰਾਂਦ ਤੱਕ ਠੇਕੇ ਬੰਦ ਰੱਖਣ ਦੇ ਆਦੇਸ਼ ਦਿੱਤੇ ਜਾਣ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰੋਕ ਨਾ ਲਾਈ ਗਈ ਤਾਂ ਸ਼ਹੀਦੀ ਸਭਾ ਦੇ ਪਹਿਲੇ ਦਿਨ ਤੋਂ ਹੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਥਾਨਿਕ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਸਰਕਾਰ ਨੂੰ ਤੁਰੰਤ ਇਸ ਮਾਮਲੇ ਵਿਚ ਫ਼ੈਸਲਾ ਲੈਣ ਦੀ ਅਪੀਲ ਕੀਤੀ |