ਫ਼ਤਹਿਗੜ੍ਹ ਸਾਹਿਬ, 20 ਦਸੰਬਰ (ਮਨਪ੍ਰੀਤ ਸਿੰਘ)-ਵੱਧ ਰਹੀ ਸਰਦੀ ਅਤੇ ਸ਼ੀਤ ਲਹਿਰ ਦੇ ਮੱਦੇਨਜ਼ਰ ਬਿਮਾਰੀਆਂ ਤੋਂ ਬਚਾਅ ਲਈ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਵਲੋਂ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ | ਸਿਵਲ ਸਰਜਨ ਨੇ ਕਿਹਾ ਕਿ ਸਰਦੀ ਦੇ ਮੌਸਮ ਦੌਰਾਨ ਗਰਭਵਤੀ ਮਹਿਲਾਵਾਂ, ਛੋਟੇ ਬੱਚਿਆਂ, ਬਜ਼ੁਰਗਾਂ ਤੇ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਸਿਹਤ ਦਾ ਧਿਆਨ ਅਤੇ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸ਼ੀਤ ਲਹਿਰ ਦੇ ਸਰੀਰ 'ਤੇ ਗੰਭੀਰ ਨਕਾਰਾਤਮਿਕ ਅਸਰ ਪੈ ਸਕਦੇ ਹਨ, ਜਿਸ ਨਾਲ ਸਰੀਰ ਦਾ ਤਾਪਮਾਨ ਘੱਟ ਜਾਣਾ, ਕੰਬਣੀ ਛਿੜਨਾ, ਕਮਜ਼ੋਰੀ, ਯਾਦਦਾਸ਼ਤ ਪ੍ਰਭਾਵਿਤ ਹੋਣਾ ਅਤੇ ਕਈ ਵਾਰ ਬੇਹੋਸ਼ੀ ਵਰਗੇ ਲੱਛਣ ਵੀ ਸਾਹਮਣੇ ਆ ਸਕਦੇ ਹਨ | ਉਨ੍ਹਾਂ ਕਿਹਾ ਕਿ ਸ਼ੀਤ ਲਹਿਰ ਤੋਂ ਬਚਣ ਲਈ ਤਿੰਨ ਪਰਤਾਂ ਵਿਚ ਗਰਮ ਕੱਪੜੇ ਪਾਏ ਜਾਣ, ਦਸਤਾਨੇ, ਟੋਪੀ, ਮਫ਼ਲਰ ਤੇ ਜੁਰਾਬਾਂ-ਬੂਟ ਠੰਡੀਆਂ ਹਵਾਵਾਂ ਤੋਂ ਬਚਣ ਵਿਚ ਸਹਾਈ ਹੁੰਦੇ ਹਨ | ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬੰਦ ਕਮਰੇ ਵਿਚ ਅੰਗੀਠੀ ਬਾਲ ਕੇ ਨਹੀਂ ਸੌਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕਮਰੇ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਕਾਰਬਨ ਮੋਨੋਆਕਸਾਈਡ ਗੈਸ ਬਣ ਜਾਂਦੀ ਹੈ ਜੋ ਸਿਹਤ ਲਈ ਘਾਤਕ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਸਰਦ ਮੌਸਮ ਵਿਚ ਨਿਮੋਨੀਆ ਹੋਣ ਦਾ ਖ਼ਤਰਾ ਵਧੇਰੇ ਰਹਿੰਦਾ ਹੈ ਅਤੇ ਠੰਡ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨ | ਉਨ੍ਹਾਂ ਕਿਹਾ ਕਿ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ 'ਤੇ ਟੋਪੀ ਤੇ ਪੈਰਾਂ ਵਿਚ ਜੁਰਾਬਾਂ ਜ਼ਰੂਰ ਪਾਈਆਂ ਜਾਣ | ਉਨ੍ਹਾਂ ਕਿਹਾ ਕਿ ਸਰੀਰ 'ਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਲਈ ਸੰਤੁਲਿਤ ਅਤੇ ਪੌਸ਼ਟਿਕ ਖ਼ੁਰਾਕ ਦਾ ਸੇਵਨ ਕਰਨ, ਵਿਟਾਮਿਨ ਸੀ ਨਾਲ ਭਰਪੂਰ ਮੌਸਮੀ ਫਲਾਂ ਅਤੇ ਹਰੀ ਸਬਜ਼ੀਆਂ ਨੂੰ ਆਪਣੀ ਖ਼ੁਰਾਕ ਵਿਚ ਸ਼ਾਮਿਲ ਕਰਨ ਅਤੇ ਜੰਕ ਫੂਡ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ | ਗਰਮ ਪਾਣੀ, ਸੂਪ ਆਦਿ ਦਾ ਸੇਵਨ ਕੀਤਾ ਜਾਵੇ | ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੀ ਮਾਤਰਾ ਵਿਚ ਗਰਮ ਪਾਣੀ ਪੀਣਾ ਚਾਹੀਦਾ ਹੈ |