ਅਮਲੋਹ, 20 ਦਸੰਬਰ (ਹਰਪ੍ਰੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਈਮਾਨ ਸਿੰਘ ਮਾਨ ਨੇ ਅੱਜ ਏਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਮਾਮਲੇ ਨੂੰ ਸਿੱਖ ਕੌਮ ਲਈ ਸਭ ਤੋਂ ਗੰਭੀਰ ਮੁੱਦਾ ਦੱਸਦਿਆਂ ਇਸ ਲਈ ਸੁਖਬੀਰ ਸਿੰਘ ਬਾਦਲ ਸਮੇਤ ਐਸ.ਜੀ.ਪੀ.ਸੀ. ਦੇ ਉੱਚ ਅਧਿਕਾਰੀਆਂ ਨੂੰ ਸਿੱਧਾ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਅੱਜ 328 ਸਰੂਪਾਂ ਦਾ ਗੁੰਮ ਹੋਣਾ ਗੁਰੂ ਸਾਹਿਬ ਦੀ ਸੋਚ 'ਤੇ ਹਮਲਾ ਹੈ | ਉਨ੍ਹਾਂ ਕਿਹਾ ਕਿ ਭਾਈ ਈਸ਼ਰ ਸਿੰਘ ਦੀ ਰਿਪੋਰਟ ਵਿਚ ਕਈ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਅਕਾਲ ਤਖ਼ਤ ਸਾਹਿਬ ਵਲੋਂ ਹੇਠਲੇ ਮੁਲਾਜ਼ਮਾਂ ਨੂੰ ਸਜ਼ਾਵਾਂ ਵੀ ਲਗਾਈਆਂ ਗਈਆਂ ਹਨ, ਪਰ ਅਸਲ ਸੱਚ ਇਹ ਹੈ ਕਿ ਸਾਰਾ ਕੰਮ ਉਪਰਲੇ ਹੁਕਮਾਂ 'ਤੇ ਹੋਇਆ | ਹੇਠਲੇ ਮੁਲਾਜ਼ਮਾਂ ਨੇ ਬਿਆਨ ਦਿੱਤੇ ਹਨ ਕਿ ਬਿਨਾਂ ਹਾਈ ਕਮਾਂਡ ਅਤੇ ਸਕੱਤਰਾਂ ਦੇ ਹੁਕਮਾਂ ਦੇ ਸਰੂਪ ਨਾ ਤਾਂ ਦਿੱਤੇ ਜਾ ਸਕਦੇ ਸਨ ਅਤੇ ਨਾ ਹੀ ਰਿਕਾਰਡ ਦਰਜ ਕੀਤਾ ਜਾ ਸਕਦਾ ਸੀ | ਈਮਾਨ ਸਿੰਘ ਮਾਨ ਨੇ ਇਸ ਮਾਮਲੇ 'ਚ ਆਡਿਟ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਲੇਜ਼ਰ, ਸਟਾਕ ਅਤੇ ਇਨਵੈਂਟਰੀ ਦੀ ਜਾਂਚ ਨਹੀਂ ਹੋਈ | ਉਨ੍ਹਾਂ ਦੱਸਿਆ ਉਨ੍ਹਾਂ ਦੀ ਪਾਰਟੀ 328 ਸਰੂਪਾਂ ਦੀ ਵਾਪਸੀ ਲਈ ਚਮਕੌਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਸਮੇਤ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਮਾਰਚ ਕੱਢੇਗੀ | ਈਮਾਨ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਰੱਖਿਆ ਅਤੇ ਵਾਪਸੀ ਹਰ ਸਿੱਖ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਕੌਮ ਨੂੰ ਇੱਕਜੁੱਟ ਹੋ ਇਨ੍ਹਾਂ ਮਾਰਚਾਂ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ |