ਫ਼ਤਹਿਗੜ੍ਹ ਸਾਹਿਬ, 26 ਦਸੰਬਰ (ਮਨਪ੍ਰੀਤ ਸਿੰਘ)-ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੌਰਾਨ ਪੰਜਾਬ ਸਰਕਾਰ ਵਲੋਂ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੀ ਨਿਮਾਣੀ ਸੇਵਾ ਵਜੋਂ ਸਰਵੋਤਮ ਮੈਡੀਕਲ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਖੇਤਰ ਵਿਚ ਸਥਾਪਿਤ 20 ਆਮ ਆਦਮੀ ਕਲੀਨਿਕਾਂ 'ਤੇ ਪਹਿਲੇ ਦਿਨ ਹੀ 8500 ਤੋਂ ਵਧੇਰੇ ਲੋੜਵੰਦਾਂ ਵਲੋਂ ਇਲਾਜ ਸੁਵਿਧਾਵਾਂ ਹਾਸਲ ਕੀਤੀਆਂ ਗਈਆਂ | ਸਿਹਤ ਮੰਤਰੀ ਅੱਜ ਸ਼ਹੀਦੀ ਸਭਾ ਦੇ ਦੂਜੇ ਦਿਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੇ ਵਿਸ਼ਾਲ ਖ਼ੂਨਦਾਨ ਅਤੇ ਅੰਗ ਦਾਨ ਕੈਂਪ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ | ਇਸ ਮੌਕੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ | ਉਨ੍ਹਾਂ ਕਿਹਾ ਕਿ ਡਾਕਟਰੀ ਸਟਾਫ਼ ਦਿਨ ਰਾਤ ਸੰਗਤਾਂ ਦੀ ਸੇਵਾ ਵਿਚ ਜੁਟਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਇੰਨ੍ਹਾ ਦਿਨੀਂ ਪੈ ਰਹੀ ਠੰਡ ਕਾਰਨ ਖਾਂਸੀ, ਬੁਖ਼ਾਰ, ਜ਼ੁਕਾਮ ਜਿਹੇ ਰੋਗ ਪੈਦਾ ਹੁੰਦੇ ਹਨ ਅਤੇ ਅਜਿਹੇ ਵੇਲੇ ਸ਼ਰਧਾਲੂਆਂ ਨੂੰ ਜਿੱਥੇ ਸਿਵਲ ਹਸਪਤਾਲ ਵਿਚ 24 ਘੰਟੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਆਮ ਆਦਮੀ ਕਲੀਨਿਕ ਤੇ ਡਿਸਪੈਂਸਰੀਆਂ ਵਿਚ ਮਾਹਿਰ ਸਟਾਫ਼ ਇਲਾਜ ਸਹੂਲਤਾਂ ਦੇ ਰਿਹਾ ਹੈ | ਸਿਹਤ ਮੰਤਰੀ ਨੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ ਤੇ ਨੌਜਵਾਨਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਖ਼ੂਨਦਾਨ ਅਤੇ ਅੰਗ ਦਾਨ ਕਰਨ ਦੀ ਮੁਹਿੰਮ ਵਿਚ ਵਧ ਚੜ੍ਹ ਕੇ ਅੱਗੇ ਆਉਣ | ਉਨ੍ਹਾਂ ਕਿਹਾ ਕਿ ਲੜਾਈ ਝਗੜਿਆਂ ਅਤੇ ਹਿੰਸਾ ਦੀਆਂ ਘਟਨਾਵਾਂ ਵਿਚ ਅਜਾਈਾ ਖ਼ੂਨ ਵਹਾਉਣ ਨਾਲੋਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਖ਼ੂਨਦਾਨ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਦਸਮੇਸ਼ ਪਿਤਾ ਵਲੋਂ ਦਿਖਾਏ ਮਾਰਗ 'ਤੇ ਚੱਲਣ ਲਈ ਮਨੁੱਖਤਾ ਦੀ ਭਲਾਈ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਦੀ ਲੋੜ ਹੈ | ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਅਬਰਾਵਾਂ ਦੇ ਵਸਨੀਕ ਹਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦੀ ਸਭਾ ਨੂੰ ਸਮਰਪਿਤ ਇਸ ਅੰਗ ਦਾਨ ਕੈਂਪ ਦੌਰਾਨ ਉਨ੍ਹਾਂ ਵਲੋਂ ਮਰਨ ਉਪਰੰਤ ਆਪਣਾ ਸਾਰਾ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਹੋਰਨਾਂ ਸਾਥੀਆਂ ਸਮੇਤ ਸ਼ਹੀਦੀ ਸਭਾ ਦੌਰਾਨ ਖ਼ੂਨਦਾਨ ਕਰਦੇ ਆ ਰਹੇ ਹਨ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹਰਵਿੰਦਰ ਸਿੰਘ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੂੰ ਵੀ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਆ | ਇਸ ਮੌਕੇ ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਨਰਸਿੰਗ ਸਟਾਫ਼ ਨੂੰ ਅੰਗਦਾਨ ਕਰਨ ਦੀ ਸਹੁੰ ਵੀ ਚੁਕਾਈ | ਇਸ ਮੌਕੇ ਜਨਵਰੀ 2026 ਤੋਂ ਲਾਗੂ ਹੋਣ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਕਰੀਬ 2 ਕਰੋੜ ਪੰਜਾਬੀਆਂ ਨੂੰ ਪ੍ਰਤੀ ਨਾਗਰਿਕ 10 ਲੱਖ ਰੁਪਏ ਤੱਕ ਦੀਆਂ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਮਿਲੇਗਾ | ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾ. ਕੇ. ਡੀ. ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ, ਬੀ.ਟੀ.ਓ. ਡਾ. ਪ੍ਰਵੀਨ ਕੌਰ, ਡੀ.ਐੱਮ.ਸੀ. ਡਾ. ਸਰੀਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ, ਸਰਪੰਚ ਕੁਲਵਿੰਦਰ ਸਿੰਘ ਡੇਰਾ, ਮੈਂਬਰ ਬਲਾਕ ਸੰਮਤੀ ਸਤਵੀਰ ਸਿੰਘ ਨੰਬਰਦਾਰ, ਸਰਪੰਚ ਜਗਰੂਪ ਸਿੰਘ ਨੰਬਰਦਾਰ, ਮੈਂਬਰ ਬਲਾਕ ਸੰਮਤੀ ਗੁਰਜੀਤ ਸਿੰਘ ਬਿੱਟਾ, ਬਲਾਕ ਪ੍ਰਧਾਨ ਪਿ੍ਤਪਾਲ ਸਿੰਘ ਜੱਸੀ, ਸਰਪੰਚ ਬਲਜਿੰਦਰ ਸਿੰਘ ਕਾਕਾ ਤੇ ਰੁਪਿੰਦਰ ਸਿੰਘ ਜੱਲ੍ਹਾ ਆਦਿ ਹਾਜ਼ਰ ਸਨ |