ਫ਼ਤਹਿਗੜ੍ਹ ਸਾਹਿਬ, 26 ਦਸੰਬਰ (ਮਨਪ੍ਰੀਤ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਗੁਰਦੁਆਰਾ ਸ੍ਰੀ ਸੁਖ ਸਾਗਰ ਸਾਹਿਬ, ਖੰਨਾ ਤੋਂ ਸੰਗਤੀ ਰੂਪ ਵਿਚ ਪੈਦਲ ਯਾਤਰਾ ਕਰ ਕੇ ਰਤਨਹੇੜੀ, ਭਾਦਲਾ, ਡਡਹੇੜੀ ਅਤੇ ਡੇਰਾ ਮੀਰ ਮੀਰਾਂ ਤੋਂ ਹੁੰਦੇ ਹੋਏ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਹੋ ਰਹੀ ਸ਼ਹੀਦੀ ਸਭਾ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਪੁੱਜ ਕੇ ਨਤਮਸਤਕ ਹੋਏ | ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਜੇਕਰ ਅਸੀਂ ਧਾਰਮਿਕ ਆਜ਼ਾਦੀ ਮਾਣ ਰਹੇ ਹਾਂ ਤਾਂ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਸਰਬੰਸ ਵਾਰੇ ਜਾਣ ਸਦਕਾ ਹੀ ਹੈ | ਇੰਨੀਆਂ ਵੱਡੀਆਂ ਸ਼ਹਾਦਤਾਂ ਦੀ ਮਿਸਾਲ ਦੁਨੀਆ ਵਿਚ ਹੋਰ ਕਿਤੇ ਵੀ ਨਹੀਂ ਮਿਲਦੀ | ਉਨ੍ਹਾਂ ਅੱਗੇ ਕਿਹਾ ਕਿ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਆਏ ਹਨ ਕਿ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਵੇ ਅਤੇ ਇੰਨ੍ਹੀ ਚੜ੍ਹਦੀਕਲਾ ਹੋਵੇ ਕਿ ਜਿਵੇਂ ਪਹਿਲਾਂ ਸੂਬਾ ਪੰਜਾਬ, ਦੇਸ਼ 'ਚੋਂ ਪਹਿਲੇ ਨੰਬਰ 'ਤੇ ਹੁੰਦਾ ਸੀ, ਉਵੇਂ ਮੁੜ ਪਹਿਲੇ ਨੰਬਰ 'ਤੇ ਜਾਵੇ | ਇਹ ਵੀ ਕਿਹਾ ਕਿ ਅਕਾਲ ਪੁਰਖ ਆਪਣਾ ਮਿਹਰ ਭਰਿਆ ਹੱਥ ਰੱਖੇ ਤੇ ਪੰਜਾਬ ਸਰਕਾਰ ਦਿਨ ਰਾਤ ਇਕ ਕਰ ਕੇ ਕੰਮ ਕਰੇ ਤੇ ਸੂਬਾ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ | ਉਨ੍ਹਾਂ ਕਿਹਾ ਕਿ ਉਹ ਜਥੇ ਦੇ ਰੂਪ ਵਿਚ ਅਰਦਾਸ ਕਰ ਕੇ ਗੁਰਦੁਆਰਾ ਸ੍ਰੀ ਸੁਖ ਸਾਗਰ ਸਾਹਿਬ, ਖੰਨਾ ਤੋਂ ਤੁਰੇ ਸਨ ਤੇ ਜਥਾ ਪੂਰੀ ਚੜ੍ਹਦੀਕਲਾ ਵਿਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਪੁੱਜਿਆ ਹੈ | ਉਨ੍ਹਾਂ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਦਾ ਮਨਾਂ ਵਿਚ ਵਸਾ ਕੇ ਰੱਖਦੇ ਹੋਏ ਸਮਾਜ ਸੇਵਾ ਦੇ ਕਾਰਜ ਕੀਤੇ ਜਾਣ | ਇਸ ਮੌਕੇ ਵੱਖ-ਵੱਖ ਅਧਿਕਾਰੀਆਂ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |