ਧਾਰੀਵਾਲ, 1 ਜੂਨ (ਸਵਰਨ ਸਿੰਘ)-ਜੂਨ 1984 ਘੱਲੂਘਾਰਾ ਸਿੱਖ ਕੌਮ ਲਈ ਬਹੁਤ ਹੀ ਦੁੱਖਦਾਈ ਅਤੇ ਹਿਰਦੇ ਵਲੂੰਧਰਨ ਵਾਲਾ ਹੈ ਜਿਸ ਨੂੰ ਲੈ ਕੇ 6 ਜੂਨ ਨੂੰ ਸ਼ਹੀਦ ਸਿੰਘਾਂ ਦੀ ਯਾਦ ਵਿਚ ਹੋਣ ਵਾਲੇ ਸ਼ਹੀਦੀ ਸਮਾਗਮ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁੁਲਦੀਪ ਸਿੰਘ ਗੜਗੱਜ ਦੇ ਸੰਦੇਸ਼ ਦੇਣ ਨੂੰ ਲੈ ਕੇ ਵਾਦ-ਵਿਵਾਦ ਵੀ ਹੁਣ ਮੰਦਭਾਗਾ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਾਬਾ ਨੱਥਾ ਸਿੰਘ ਸੰਧਵਾਂ ਨੇ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੜੀ ਹੀ ਸੰਜੀਦਗੀ ਨਾਲ ਲੈਂਦੇ ਹੋਏ ਸਿੱਖ ਜਥੇਬੰਦੀਆਂ ਨਾਲ ਮਿਲ ਬੈਠ ਕੇ ਕੋਈ ਠੋਸ ਹੱਲ ਕਰਨਾ ਚਾਹੀਦਾ ਹੈ | ਬਾਬਾ ਨੱਥਾ ਸਿੰਘ ਨੇ ਕਿਹਾ ਕਿ ਸਿੱਖ ਕੌਮ, ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਇ ਆਦਿ ਦੇ ਆਗੂਆਂ ਨੂੰ ਰਲਮਿਲ ਕੇ ਹੱਲ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਸੰਸਾਰ ਅੰਦਰ ਸਿੱਖ ਪੰਥ ਦੀ ਚੜ੍ਹਦੀ ਕਲਾ ਹੈ ਪਰ ਅਜਿਹੀਆਂ ਘਟਨਾਵਾਂ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਦੀ ਹੈ, ਜੋ ਕਿ ਸਹੀ ਨਹੀਂ ਹੈ |