ਗੁਰਦਾਸਪੁਰ, 1 ਜੂਨ (ਗੁਰਪ੍ਰਤਾਪ ਸਿੰਘ)-ਅੱਜ ਈਸਾਈ ਭਾਈਚਾਰੇ ਨਾਲ ਸਬੰਧਿਤ ਵੱਖ-ਵੱਖ ਮਿਸ਼ਨਾਂ ਦੇ ਪਾਸਟਰ ਸਾਹਿਬਾਨਾਂ, ਬਿਸ਼ਪ ਸਾਹਿਬਾਨਾਂ ਅਤੇ ਆਲ ਇੰਡੀਆ ਕਿ੍ਸਚਨ ਫ਼ਰੰਟ ਦੇ ਆਗੂਆਂ ਦੀ ਮੀਟਿੰਗ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸਾਂਝਾ ਮਸੀਹ ਸੰਮੇਲਨ ਜੋ ਕਿ 15 ਸਤੰਬਰ ਤੋਂ 18 ਸਤੰਬਰ ਤੱਕ ਹੋਣ ਜਾ ਰਿਹਾ ਹੈ, ਦੇ ਸਬੰਧ ਵਿਚ ਵਿਚਾਰ ਚਰਚਾ ਕੀਤੀ ਗਈ | ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਪ੍ਰਧਾਨ ਪਾਸਟਰ ਅਬਰਾਹਮ ਦੇ ਹੁਕਮਾਂ ਅਨੁਸਾਰ ਇਹ ਸੰਮੇਲਨ ਸੱਭ ਦੀ ਸਹਿਮਤੀ ਨਾਲ ਦਾਣਾ ਮੰਡੀ ਗੁਰਦਾਸਪੁਰ ਦੀ ਜਗ੍ਹਾ ਧਾਰੀਵਾਲ ਬਿਧੀਪੁਰ ਪੈਂਤੀਕਾਸਟਲ ਚਰਚ ਵਿਚ ਕਰਨ ਦਾ ਫ਼ੈਸਲਾ ਲਿਆ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਨੇ ਕਿਹਾ ਕਿ ਇਹ ਸੰਮੇਲਨ ਪੂਰਨ ਤੌਰ 'ਤੇ ਧਾਰਮਿਕ ਹੋਵੇਗਾ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਭਾਸ਼ਾ ਬੋਲਣ ਤੋਂ ਗੁਰੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਸੰਮੇਲਨ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਪ੍ਰਭੂ ਯਿਸੂ ਦੇ ਪਿਆਰ ਨਾਲ ਜੋੜਨ ਲਈ ਹੈ ਜਿਸ ਵਿਚ ਪ੍ਰਮੇਸ਼ਵਰ ਦੇ ਸੇਵਕ ਪਵਿੱਤਰ ਬਾਈਬਲ ਦੇ ਬਚਨਾਂ ਰਾਹੀਂ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਵਲੋਂ ਦਰਸਾਏ ਗਏ ਰਾਹ 'ਤੇ ਚੱਲਣ ਦੀ ਪ੍ਰੇਰਨਾ ਦੇਣਗੇ | ਇਸ ਮੌਕੇ ਯੂਥ ਪ੍ਰਧਾਨ ਪਿ੍ੰਸ ਮਸੀਹ, ਪਿ੍ੰਸੀਪਲ ਮੁਖਤਾਰ ਮਸੀਹ, ਮੇਜਰ ਸਾਲਵੇਸ਼ਣ ਆਰਮੀ ਇਮਾਨੂਏਲ ਮਸੀਹ, ਮੇਜਰ ਮੰਗਾ, ਕੈਪਟਨ ਲਾਡੀ, ਅਵਤਾਰ ਮਸੀਹ ਸਰਪੰਚ ਮੰਗਲ ਸੈਣ, ਪ੍ਰਧਾਨ ਯੂਸਫ ਮਸੀਹ, ਮਾਸਟਰ ਸੱਤਪਾਲ, ਪ੍ਰਧਾਨ ਲਾਲ ਮਸੀਹ, ਪ੍ਰਧਾਨ ਪ੍ਰਦੀਪ ਪਨਿਆੜ, ਪਾਸਟਰ ਬਲਵਿੰਦਰ, ਕਰਮਾ ਮਸੀਹ ਸਰਕਲ ਪ੍ਰਧਾਨ, ਸੋਨੰੂ ਸੰਘਰ, ਬੂਟਾ ਮਸੀਹ ਭੁੱਲੇਚੱਕ, ਕਸ਼ਮੀਰ ਆਦਿ ਹਾਜ਼ਰ ਸਨ |