ਵਡਾਲਾ ਬਾਂਗਰ, 1 ਜੂਨ (ਭੁੰਬਲੀ)-ਸਿੱਖਾਂ ਦੇ ਪੰਜਵੇਂ ਪਾਤਿਸ਼ਾਹ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪਿੰਡ ਦੂਲਾਨੰਗਲ ਵਿਚ 4 ਰੋਜ਼ਾ ਸਾਲਾਨਾ ਕੀਰਤਨ ਦਰਬਾਰ ਇਸ ਵਾਰ ਵੀ 3 ਜੂਨ ਤੋਂ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪਿੰਡ ਦੇ ਮੁੱਖ ਸੇਵਾਦਾਰਾਂ ਨੇ ਦੱਸਿਆ ਕਿ ਇਸ ਕੀਰਤਨ ਦਰਬਾਰ ਸਮਾਗਮ ਵਿਚ ਪੰਥ ਦੇ ਮਹਾਨ ਰਾਗੀ, ਢਾਡੀ ਤੇ ਕਥਾਵਾਚਕ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ | ਇਹ ਸਮਾਗਮ ਸ਼ਾਮ 7:00 ਵਜੇ ਤੋਂ ਲੈ ਕੇ ਰਾਤ 12:00 ਵਜੇ ਤੱਕ ਰੋਜ਼ਾਨਾ 4 ਦਿਨ ਚੱਲੇਗਾ | ਪਹਿਲਾਂ ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਪੈਣਗੇ ਉਪਰੰਤ ਆਥਣ ਵੇਲੇ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿਚ ਪਹਿਲੀ ਰਾਤ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ ਦਾ ਕੀਰਤਨੀ ਜਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ | ਦੂਸਰੀ ਰਾਤ ਭਾਈ ਮੇਜ਼ਰ ਸਿੰਘ ਹੀਰਾ ਦਾ ਢਾਡੀ ਜਥਾ, ਪ੍ਰਸਿੱਧ ਕਥਾਵਾਚਕ ਭਾਈ ਸੁਖਦੇਵ ਸਿੰਘ (ਡੱਲਾ) ਤੇ ਭਾਈ ਬਲਬੀਰ ਸਿੰਘ ਪਾਰਸ ਦਾ ਢਾਡੀ ਜਥਾ ਸਿੱਖ ਇਤਿਹਾਸ ਨਾਲ ਸਬੰਧਤ ਵਾਰਾਂ ਗਾ ਕੇ ਸੰਗਤ ਨੂੰ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਣਗੇ | 5 ਜੂਨ ਨੂੰ ਭਾਈ ਦਵਿੰਦਰ ਸਿੰਘ ਬਟਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਕਥਾਵਾਚਕ ਭਾਈ ਬੰਤਾ ਸਿੰਘ ਮੁੰਡਾ ਪਿੰਡ ਵਾਲੇ ਤੇ ਢਾਡੀ ਜਥਾ ਭਾਈ ਤਰਸੇਮ ਸਿੰਘ ਲਾਲੂ ਘੁੰਮਣ ਸੰਗਤਾਂ ਦੇ ਸਨਮੁੱਖ ਹੋਣਗੇ | 6 ਜੂਨ ਨੂੰ ਕਵੀਸ਼ਰੀ ਜਥਾ ਭਾਈ ਭਗਤ ਸਿੰਘ (ਭਿੱਟੇਵੱਡ ਵਾਲੇ), ਕੀਰਤਨੀ ਜਥਾ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ ਤੇ ਕਵੀਸ਼ਰੀ ਜਥਾ ਭਾਈ ਪਿ੍ਤਪਾਲ ਸਿੰਘ ਬਰਗਾੜੀ ਵਾਲੇ ਹਾਜ਼ਰੀ ਭਰਨਗੇ | ਸਮਾਗਮ ਦੇ ਅਖ਼ੀਰ ਵਿਚ 6 ਜੂਨ ਵਾਲੇ ਦਿਨ ਅੰਮਿ੍ਤ ਸੰਚਾਰ ਵੀ ਕਰਵਾਇਆ ਜਾਵੇਗਾ |