ਗੁਰਦਾਸਪੁਰ, 1 ਜੂਨ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਇਕ ਵਿਅਕਤੀ ਨੂੰ 2 ਪਿਸਟਲ, 4 ਮੈਗਜ਼ੀਨ ਅਤੇ 2 ਜ਼ਿੰਦਾ ਰੌਂਦਾਂ ਸਮੇਤ ਕਾਬੂ ਕੀਤਾ ਗਿਆ | ਥਾਣਾ ਪੁਰਾਣਾ ਸ਼ਾਲਾ ਪੁਲਿਸ ਦੇ ਏ. ਐਸ. ਆਈ. ਰਣਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਿਸ ਪਾਰਟੀ ਨੇ ਮੁਖ਼ਬਰ ਦੀ ਇਤਲਾਹ 'ਤੇ ਭੈਣੀ ਮੀਲਮਾਂ ਧੁੱਸੀ ਬੰਨ੍ਹ ਨੇੜੇ ਪੁਲ ਵਿਖੇ ਨਾਕਾਬੰਦੀ ਕਰਕੇ ਹਰਮਨਪ੍ਰੀਤ ਸਿੰਘ ਪੁੱਤਰ ਸਵ: ਹਰਦੀਪ ਸਿੰਘ ਵਾਸੀ ਨੂੰਨਾ ਥਾਣਾ ਭੈਣੀ ਮੀਆਂ ਖਾਂ ਜੋ ਦਾਊਵਾਲ ਸਾਈਡ ਤੋਂ ਪੈਦਲ ਤੁਰਿਆ ਆ ਰਿਹਾ ਸੀ, ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਕੀਤੀ ਤਾਂ ਪਜਾਮੇ ਦੀ ਸੱਜੀ ਡੱਬ ਵਿਚੋਂ 1 ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ ਪਿਛਲੀ ਸਾਈਡ ਤੋਂ 1 ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਪਜਾਮੇ ਦੀ ਜੇਬ ਵਿਚੋਂ 2 ਮੈਗਜ਼ੀਨ, 2 ਰੋਂਦ ਜਿੰਦਾ 7.65 ਕੇ.ਐਫ. ਲਿਖਿਆ ਬਰਾਮਦ ਹੋਏ ਹਨ | ਪੁਲਿਸ ਨੇ ਹਰਮਨਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸ਼ਾਲਾ ਪੁਲਿਸ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਪਾਸੋਂ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |