ਬਟਾਲਾ, 2 ਜੂਨ (ਸਤਿੰਦਰ ਸਿੰਘ)-ਪਿਛਲੇ ਲੰਬੇ ਸਾਲਾਂ ਤੋਂ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੈ ਜਾਂ ਅਕਾਲੀ ਦਲ-ਬੀਜੇਪੀ ਦੀ, ਉਨ੍ਹਾਂ ਨੇ ਸਰਕਾਰੀ ਸਕੂਲਾਂ ਨੂੰ ਖਤਮ ਹੀ ਕਰਤਾ ਸੀ ਇਸ ਕਰ ਕੇ ਅੱਜ ਪਿੰਡਾਂ ਦੇ ਸਰਕਾਰੀ ਸਕੂਲ ਖਾਲੀ ਪਏ ਹਨ ਜਾਂ ਬੰਦ ਹੋਣ ਕਿਨਾਰੇ ਹਨ | ਅਗਰ ਪਿੰਡਾਂ ਦੇ ਸਕੂਲਾਂ ਨੂੰ ਮਾਡਲ ਤੇ ਸਮਾਰਟ ਸਕੂਲ ਬਣਾ ਰਹੇ ਹਨ ਤਾਂ ਸਾਨੂੰ ਵੀ ਚਾਹੀਦਾ ਹੈ ਕਿ ਵੱਧ ਤੋਂ ਵੱਧ ਬੱਚੇ ਪਿੰਡ ਦੇ ਸਕੂਲ ਵਿਚ ਹੀ ਪੜ੍ਹਨ ਤਾਂ ਜੋ ਉੱਥੇ ਬੱਚੇ ਨੂੰ ਆਉਣਾ-ਜਾਣਾ ਵੀ ਸੌਖਾ ਹੋਵੇ ਤੇ ਮਾਪਿਆਂ ਦਾ ਖਰਚਾ ਵੀ ਨਾ ਹੋਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵੀ ਡਾ. ਕਮਲਜੀਤ ਸਿੰਘ ਕੇ. ਜੇ. ਨੇ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਮੈਰਿਟ ਵਿਚ ਆਏ ਬੱਚਿਆਂ ਲਈ ਇਕ ਦਿਨ ਦਾ ਡੀ.ਸੀ. ਅਤੇ ਐਸ.ਐਸ.ਪੀ. ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜੋ ਕਿ ਸ਼ਾਲਾਘਾਯੋਗ ਹੈ | ਇਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਪੜ੍ਹਨ ਦਾ ਰੁਝਾਨ ਹੋਰ ਵਧੇਗਾ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵੀ ਅੱਜ ਕੱਲ੍ਹ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਪੱਧਰ ਵੀ ਨਿੱਜੀ ਸਕੂਲਾਂ ਜਾਂ ਅਕੈੱਡਮੀਆਂ ਦੇ ਬਰਾਬਰ ਕੀਤਾ ਜਾ ਰਿਹਾ ਹੈ | ਬੱਚਿਆਂ ਨੂੰ ਦੂਰ ਸਕੂਲਾਂ ਵਿਚ ਲਿਜਾਣ ਵਾਸਤੇ ਸਰਕਾਰੀ ਸਕੂਲਾਂ ਵਿਚ ਵੀ ਬੱਸਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ | ਪਿੰਡ ਦੀ ਪੰਚਾਇਤ ਤੇ ਨੌਜਵਾਨ ਸਭਾਵਾਂ ਨੂੰ ਮਿਲ ਕੇ ਆਪਣੇ ਪਿੰਡ ਦੇ ਸਕੂਲ ਦਾ ਸਾਜੋ-ਸਾਮਾਨ ਵਧੀਆ ਤਰੀਕੇ ਨਾਲ ਤਿਆਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਆਪਣੇ ਹੀ ਬੱਚੇ ਆਪਣੇ ਹੀ ਪਿੰਡ ਵਿਚ ਪੜਨ | ਇਸ ਨਾਲ ਸਾਡੀ ਆਰਥਿਕਤਾ 'ਤੇ ਬਹੁਤ ਫਰਕ ਪਏਗਾ | ਡਾ. ਕੇ. ਜੇ. ਨੇ ਅੱਗੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਵਲੋਂ ਠੀਕ ਹੀ ਕਿਹਾ ਗਿਆ ਹੈ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ, ਜੋ ਪੀਏਗਾ ਉਹ ਦਹਾੜੇਗਾ |