ਬਟਾਲਾ, 2 ਜੂਨ (ਰਾਕੇਸ਼ ਰੇਖੀ)-ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਹੈਰੋਇਨ ਦਾ ਸੇਵਨ ਕਰ ਰਹੇ ਅਤੇ ਨਸ਼ੀਲੇ ਪਦਾਰਥ ਰੱਖਣ ਵਾਲੇ 7 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਸਿਟੀ ਦੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਬੈਂਕ ਕਾਲੋਨੀ ਨੇੜੇ ਹੰਸਲੀ ਨਾਲੇ ਦੀਆਂ ਝਾੜੀਆਂ ਵਿਚ ਹੈਰੋਇਨ ਦਾ ਸੇਵਨ ਕਰ ਰਹੇ ਮਨਦੀਪ ਸਿੰਘ ਵਾਸੀ ਕਿਲ੍ਹਾ ਟੇਕ ਸਿੰਘ ਨੂੰ ਮੌਕੇ 'ਤੇ ਗਿਫ਼ਤਾਰ ਕਰ ਲਿਆ ਗਿਆ | ਥਾਣਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਨੇ ਪੱਖੋਕੇ ਟਾਹਲੀ ਸਾਹਿਬ ਨੇੜੇ ਧੁੱਸੀ 'ਤੇ 2 ਨੌਜਵਾਨਾਂ ਪਰਮਜੋਤ ਸਿੰਘ ਵਾਸੀ ਹਰੂਵਾਲ ਅਤੇ ਕੁਲਦੀਪ ਸਿੰਘ ਵਾਸੀ ਅਬਦਾਲ ਨੂੰ ਹੈਰੋਇਨ ਦਾ ਸੇਵਨ ਕਰਦਿਆਂ ਗਿ੍ਫ਼ਤਾਰ ਕੀਤਾ | ਥਾਣਾ ਕਾਦੀਆਂ ਦੇ ਏ. ਐੱਸ. ਆਈ. ਮੰਗਲ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਮੁਰਾਦਪੁਰ ਨੇੜੇ ਇਕ ਸ਼ੱਕੀ ਨੌਜਵਾਨ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਦੀ ਪਹਿਚਾਣ ਮਨਪ੍ਰੀਤ ਵਾਸੀ ਕੰਡੀਲਾ ਦੇ ਤੌਰ 'ਤੇ ਕੀਤੀ ਗਈ | ਥਾਣਾ ਘਣੀਏ-ਕੇ-ਬਾਂਗਰ ਦੇ ਸਬ-ਇੰਸਪੈਕਟਰ ਨਰਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਅੱਡਾ ਘਣੀਏ-ਕੇ-ਬਾਂਗਰ ਨੇੜੇ ਇਕ ਹੇਅਰ ਡ੍ਰੈਸਰ ਦੀ ਦੁਕਾਨ ਅੰਦਰ ਹੈਰੋਇਨ ਦਾ ਸੇਵਨ ਕਰ ਰਹੇ ਅਕਾਸ਼ਦੀਪ ਸਿੰਘ ਉਰਫ਼ ਮੰਗਾ ਵਾਸੀ ਪਿੰਡ ਚੱਠਾ ਅਤੇ ਹਰਦੀਪ ਸਿੰਘ ਉਰਫ਼ ਜੀਤੂ ਵਾਸੀ ਸਮਸ਼ੇਰਪੁਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਥਾਣਾ ਫ਼ਤਹਿਗੜ੍ਹ ਚੂੜੀਆਂ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਗਸ਼ਤ ਦੌਰਾਨ ਪਿੰਡ ਦਾਦੂਜੋਧ ਨੇੜੇ ਇਕ ਸ਼ੱਕੀ ਨੌਜਵਾਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 6 ਗ੍ਰਾਮ ਹੈਰੋਇਨ, 25 ਨਸ਼ੀਲੀਆਂ ਗੋਲੀਆਂ ਤੇ 1200 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ |