ਗੁਰਦਾਸਪੁਰ, 3 ਜੂਨ (ਚੱਕਰਾਜਾ)-ਪੀ. ਏ. ਯੂ. ਰਿਜ਼ਨਲ ਸਟੇਸ਼ਨ ਵਿਖੇ ਚੱਲ ਰਹੇ ਖੋਜ ਕਾਰਜਾਂ ਤੇ ਸਹਾਇਕ ਧੰਦਿਆਂ ਸਬੰਧੀ ਜਾਣਕਾਰੀ ਲੈਣ ਲਈ ਪੰਡਿਤ ਮੋਹਨ ਲਾਲ ਐੱਸ. ਡੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ ਰਿਜ਼ਨਲ ਰਿਸਰਚ ਸਟੇਸ਼ਨ ਦਾ ਦੌਰਾ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਡਾ: ਹਰਪਾਲ ਸਿੰਘ ਰੰਧਾਵਾ ਨੇ ਵਿਦਿਆਰਥਣਾਂ ਨੰੂ ਫ਼ਸਲਾਂ/ਫਲਦਾਰ ਬੂਟਿਆਂ ਦੀਆਂ ਨਵੀਆਂ ਕਿਸਮਾਂ, ਖੇਤੀ ਤਕਨੀਕਾਂ ਦੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕੇਂਦਰ ਵਲੋਂ ਖੇਤੀ ਨਾਲ ਸਬੰਧਿਤ ਸਹਾਇਕ ਧੰਦਿਆਂ ਡੇਅਰੀ, ਪੋਲਟਰੀ, ਸੂਰ/ਬੱਕਰੀ ਪਾਲਨ, ਸ਼ਹਿਦ ਦੀਆਂ ਮੱਖੀਆਂ, ਖੰੁਬਾਂ ਦੀ ਕਾਸ਼ਤ, ਘਰੇਲੂ ਬੀਬੀਆਂ ਲਈ ਅਚਾਰ, ਚਟਨੀਆਂ, ਸਿਲਾਈ ਕਢਾਈ ਆਦਿ ਦੀ ਦਿੱਤੀ ਜਾਂਦੀ ਟਰੇਨਿੰਗ ਤੋਂ ਇਲਾਵਾ ਬਾਇਓ ਕੰਟਰੋਲ ਪ੍ਰਯੋਗਸ਼ਾਲਾ 'ਚ ਮਿੱਤਰ ਕੀੜੇ ਤਿਆਰ ਕਰਕੇ ਫ਼ਸਲਾਂ ਦੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਸਬੰਧੀ ਦੱਸਿਆ | ਉਨ੍ਹਾਂ ਨੇ ਵਾਤਾਵਰਨ ਦੀ ਸੰਭਾਲ/ਘਰੇਲੂ ਬਗੀਚੀ ਲਗਾਉਣ ਲਈ ਵਿਦਿਆਰਥਣਾਂ ਨੰੂ ਪ੍ਰੇਰਿਤ ਕਰਦਿਆਂ ਨੈਤਿਕ ਵਿੱਦਿਆ ਬਾਰੇ ਜ਼ੋਰ ਦਿੱਤਾ | ਇਸ ਮੌਕੇ ਡਾ: ਜਗਦੀਸ਼ ਸਿੰਘ ਨੇ ਫ਼ਸਲਾਂ ਲਈ ਮਿੱਟੀ ਤੇ ਪਾਣੀ ਦੀ ਪਰਖ, ਡਾ: ਹਰਕੰਵਲਜੋਤ ਸਿੰਘ ਸੇਖੋਂ ਨੇ ਖੇਤੀ ਫ਼ਸਲਾਂ 'ਤੇ ਮੌਸਮ ਦੇ ਪ੍ਰਭਾਵ ਤੇ ਮੌਸਮੀ ਪ੍ਰਯੋਗਸ਼ਾਲਾ ਅਤੇ ਡਾ: ਵਿਵੇਕ ਪਾਂਡੇ ਨੇ ਘਰਾਂ ਦੀਆਂ ਛੱਤਾਂ 'ਤੇ ਸਬਜ਼ੀਆਂ ਉਗਾਉਣ ਬਾਰੇ ਜਾਣਕਾਰੀ ਦਿੱਤੀ |