ਗੁਰਦਾਸਪੁਰ, 3 ਜੂਨ (ਚੱਕਰਾਜਾ)-ਪੰਜਾਬ ਡੇਅਰੀ ਵਿਕਾਸ ਬੋਰਡ/ਵਿਭਾਗ ਵਲੋਂ ਚਾਰ ਹਫ਼ਤੇ ਦਾ ਡੇਅਰੀ ਉੱਦਮ ਸਿਖਲਾਈ ਕੋਰਸ 9 ਜੂਨ ਤੋਂ 8 ਜੁਲਾਈ ਤੱਕ ਡੇਅਰੀ ਸਿਖਲਾਈ ਕੇਂਦਰ ਵੇਰਕਾ ਜ਼ਿਲ੍ਹਾ ਅੰਮਿ੍ਤਸਰ ਵਿਖੇ ਕਰਵਾਇਆ ਜਾ ਰਿਹਾ ਹੈ | ਚਾਹਵਾਨ ਡੇਅਰੀ ਫਾਰਮਰ ਜੋ ਘੱਟੋ-ਘੱਟ 10ਵੀਂ ਪਾਸ ਹੋਣ, ਉਮਰ 18 ਤੋਂ 55 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਿਤ ਹੋਣ ਅਤੇ ਪਹਿਲਾਂ ਘੱਟੋ-ਘੱਟ 05 ਪਸ਼ੂ ਰੱਖੇ ਹੋਣ, ਸਿਖਲਾਈ 'ਚ ਭਾਗ ਲੈ ਸਕਦੇ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਰਿਆਮ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿਚ ਡੇਅਰੀ ਫਾਰਮਰਜ਼ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਵੱਖ-ਵੱਖ ਵਿਸ਼ਾ ਮਾਹਿਰਾਂ ਵਲੋਂ ਪਸ਼ੂਆਂ ਦੀ ਸਾਂਭ ਸੰਭਾਲ, ਵੱਖ-ਵੱਖ ਬਿਮਾਰੀਆਂ, ਮਨਸੂਹੀ ਗਰਭਦਾਨ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ | ਇਸ ਸਿਖਲਾਈ ਦੌਰਾਨ ਮਾਡਲ ਕੈਟਲ ਸ਼ੈੱਡਾਂ ਦੀ ਉਸਾਰੀ, ਦੁੱਧ ਚੁਆਈ ਮਸ਼ੀਨਾਂ ਅਤੇ ਡੇਅਰੀ ਦੇ ਧੰਦੇ ਦਾ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਤੇ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਿਖਲਾਈ ਕੋਰਸ ਲਈ ਚਾਹਵਾਨ ਫਾਰਮਰਜ਼ 6 ਜੂਨ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਲਾਕ-ਬੀ, ਕਮਰਾ ਨੰਬਰ 508 ਵਿਖੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਖੇ ਅਸਲ ਯੋਗਤਾ ਸਰਟੀਫਿਕੇਟ, ਪਾਸਪੋਰਟ ਸਾਈਜ਼ ਫ਼ੋਟੋ ਅਤੇ ਆਧਾਰ ਕਾਰਡ ਲੈ ਕੇ ਫਾਰਮ ਭਰਵਾ ਸਕਦੇ ਹਨ | ਚੁਣੇ ਹੋਏ ਸਿੱਖਿਆਰਥੀ ਜਨਰਲ ਕੈਟਾਗਰੀ ਲਈ ਫ਼ੀਸ 5000 ਰੁਪਏ ਅਤੇ ਅ: ਜਾਤੀ ਲਈ 4000 ਰੁਪਏ ਫ਼ੀਸ ਹੋਵੇਗੀ |