ਮਲੇਰੀਆ ਤੋਂ ਬਚਾਓ ਅਤੇ ਇਲਾਜ ਸਬੰਧੀ ਕਰਵਾਇਆ ਸੈਮੀਨਾਰ
ਅਜੀਤ ਡੈਸਕ
05-06-2025
ਗੁਰਦਾਸਪੁਰ, 4 ਜੂਨ (ਗੁਰਪ੍ਰਤਾਪ ਸਿੰਘ)-ਅੱਜ ਸਿਵਲ ਸਰਜਨ ਡਾ: ਜਸਵਿੰਦਰ ਸਿੰਘ ਦੀ ਅਗਵਾਈ ਹੇਠ ਗੁਰਦਾਸਪੁਰ ਵਿਖੇ ਮਲੇਰੀਆ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ: ਗੁਰਪ੍ਰੀਤ ਕੌਰ ਅਤੇ ਡਾ: ਵੰਦਨਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜੂਨ ਮਹੀਨੇ ਨੂੰ ਐਂਟੀ ਮਲੇਰੀਆ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ | ਸੰਚਾਰੀ ਰੋਗਾਂ ਵਿਚ ਮੁੱਖ ਰਹੇ ਮਲੇਰੀਆ ਨੂੰ ਖ਼ਤਮ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਜਿਸ ਕਾਰਨ ਮਲੇਰੀਆ ਦੇ ਕੇਸਾਂ ਵਿਚ ਵੱਡੀ ਗਿਰਾਵਟ ਆਈ ਹੈ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਅਤੇ ਜਾਗਰੂਕਤਾ ਲਈ 101 ਟੀਮਾਂ ਬਣਾਈਆਂ ਹਨ ਅਤੇ ਬ੍ਰੀਡਿੰਗ ਚੈੱਕਰ ਦੀ ਭਰਤੀ ਕੀਤੀ ਗਈ ਹੈ | ਫ਼ੀਲਡ ਸਟਾਫ਼ ਵਲ਼ੋਂ ਡਾੇਗੂ ਅਤੇ ਮਲੇਰੀਆ ਦੀ ਜਾਂਚ ਲਈ ਘਰਾਂ ਤੇ ਹੋਰ ਜਗਾ 'ਤੇ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ | ਸਕੂਲਾਂ ਵਿਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਲਿਟਲ ਚੈਂਪੀਅਨ ਪ੍ਰੋਗਰਾਮ ਜਾਰੀ ਹੈ | ਉਨ੍ਹਾਂ ਕਿਹਾ ਕਿ ਮੱਛਰਾਂ ਨਾਲ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਹਰੇਕ ਸ਼ੁੱਕਰਵਾਰ ਡਰਾਈ ਡੇ ਗਤੀਵਿਧੀ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਫ਼ਾਲਤੂ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ, ਬੁਖ਼ਾਰ ਹੋਣ 'ਤੇ ਤੁਰੰਤ ਨੇੜਲੇ ਸਿਹਤ ਕੇਂਦਰ ਤੋਂ ਜਾਂਚ ਕਰਵਾਈ ਜਾਵੇ ਤੇ ਡਾਕਟਰ ਦੀ ਸਲਾਹ ਨਾਲ ਦਵਾਈ ਖਾਧੀ ਜਾਵੇ |