ਪਠਾਨਕੋਟ, 1 ਸਤੰਬਰ (ਸੰਧੂ)-ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ, ਜਨਜੀਵਨ ਦੇ ਨਾਲ ਪਸ਼ੂ ਧਨ ਬਹੁਤ ਨੁਕਸਾਨਿਆ ਜਾ ਚੁੱਕਾ ਹੈ | ਇਹ ਗੱਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਨੇ ਕਹੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਪ੍ਰਭਾਵਿਤ ਪਿੰਡਾਂ 'ਚ ਲੋਕਾਂ ਨੂੰ ਸਹਿਯੋਗ ਦੇ ਰਹੀ ਹੈ ਤੇ ਪੀੜਤ ਲੋਕਾਂ ਨੂੰ ਸਹਾਇਤਾ ਪਹੁੰਚਾਈ ਜਾ ਰਹੀ ਹੈ | ਪਰ ਦੂਜੇ ਪਾਸੇ ਭਾਜਪਾ ਅਜਿਹੇ ਹਾਲਾਤਾਂ 'ਚ ਸਮਰਾਲਾ ਵਿਖੇ ਸਿਆਸੀ ਰੈਲੀ ਕਰ ਰਹੀ ਹੈ | ਭਾਜਪਾ ਇਕ ਗੱਲ ਯਾਦ ਰੱਖੇ ਕਿ ਪੰਜਾਬ ਕਦੇ ਵੀ ਇਨ੍ਹਾਂ ਨੂੰ ਸਵੀਕਾਰ ਨਹੀਂ ਕਰੇਗਾ | ਆਮ ਆਦਮੀ ਪਾਰਟੀ ਪੰਜਾਬ ਦੇ ਸੰਗਠਨ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਵਿੰਗ ਅਹਿਮ ਹਿੱਸਾ ਪਾ ਰਹੇ ਹਨ | ਰਾਸ਼ਨ, ਪੀਣ ਵਾਲ਼ਾ ਪਾਣੀ, ਚਾਰਾ ਵਰਗੀਆਂ ਸਮੱਗਰੀਆਂ ਦੀ ਪਹੁੰਚ ਦੇ ਨਾਲ਼-ਨਾਲ਼ ਯੂਥ ਕਲੱਬ ਦੇ ਮੈਂਬਰ ਲੋੜ ਮੁਤਾਬਿਕ ਹਰ ਤਰ੍ਹਾਂ ਦੀਆਂ ਸੇਵਾਵਾਂ ਅੱਗੇ ਹੋ ਕੇ ਨਿਭਾਅ ਰਹੇ ਹਨ | ਅਮਨਦੀਪ ਸੰਧੂ ਨੇ ਕਿਹਾ ਕਿ ਪੰਜਾਬ ਡੁੱਬ ਰਿਹਾ ਹੈ ਤੇ ਦਿੱਲੀ ਦੇ ਤਖ਼ਤ 'ਤੇ ਬੈਠੇ ਲੋਕ ਚੁੱਪ ਹਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ ਹੜ੍ਹਾਂ 'ਤੇ ਇਕ ਵੀ ਸ਼ਬਦ ਨਹੀਂ ਬੋਲਿਆ | ਭਾਜਪਾ ਆਗੂਆਂ ਨੇ ਪੰਜਾਬੀਆਂ ਦੇ ਜ਼ਖ਼ਮਾਂ ਨੂੰ ਭਰਨ ਲਈ ਹਮਦਰਦੀ ਵੀ ਨਹੀਂ ਦਿਖਾਈ | ਮੁੱਖ ਮੰਤਰੀ ਭਗਵੰਤ ਮਾਨ ਦੀ ਮੰਗ 60,000 ਕਰੋੜ ਰੁਪਏ ਦਾ ਬਕਾਇਆ ਫ਼ੰਡ ਦੇਣ ਦਾ ਭਰੋਸਾ ਵੀ ਕੇਂਦਰ ਵਲੋਂ ਨਹੀਂ ਮਿਲਿਆ | ਪੰਜਾਬ ਦੇ ਪਿੰਡ, ਖੇਤ, ਘਰ ਤਬਾਹ ਹੋ ਗਏ | ਪਰ ਭਾਜਪਾ ਆਗੂਆਂ ਲਈ ਚੋਣ ਰੈਲੀਆਂ ਹੜ੍ਹ ਪੀੜਤਾਂ ਦੇ ਦਰਦ ਨਾਲੋਂ ਵੱਧ ਮਹੱਤਵਪੂਰਨ ਹਨ | ਪ੍ਰਧਾਨ ਮੰਤਰੀ ਵਲੋਂ ਅੱਜ ਫਿਰ ਪੰਜਾਬ ਨੂੰ ਨਿਰਾਸ਼ ਕੀਤਾ, ਦੋ ਦਿਨ ਪਹਿਲਾਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖਿਆ ਸੀ | ਪਰ ਜਵਾਬ ਅਜੇ ਵੀ 'ਚੁੱਪ' ਹੈ |