ਹਰਚੋਵਾਲ, 2 ਸਤੰਬਰ (ਭਾਮ, ਢਿੱਲੋਂ)-ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਪਿੰਡ ਕੀੜੀ ਅਫਗਾਨਾ ਦੇ ਨਜ਼ਦੀਕ ਅੱਜ ਸਵੇਰ ਸਾਰ ਢਾਇਆ ਟੁੱਟਣ ਕਾਰਨ ਨਹਿਰ ਪੂਰੀ ਤਰ੍ਹਾਂ ਬੰਦ ਹੋ ਗਈ ਸੀ, ਜਿਸ ਸੰਬੰਧੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਖਜ਼ਾਨਚੀ ਸਰਪੰਚ ਬਲਕਾਰ ਸਿੰਘ ਫੁੱਲੜਾ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੋਨੂੰ ਚੱਡਾ ਵਲੋਂ ਪ੍ਰਸ਼ਾਸਨ ਨੂੰ ਬਹੁਤ ਵਾਰ ਫਰਿਆਦ ਕੀਤੀ ਗਈ ਕਿ ਕੀੜੀ ਅਫਗਾਨਾ ਦੇ ਨਜ਼ਦੀਕ ਢਾਇਆ ਟੁੱਟਣ ਕਾਰਨ ਨਹਿਰ ਪੂਰੀ ਤਰ੍ਹਾਂ ਬੰਦ ਹੋ ਗਈ ਹੈ, ਜਿਸ ਕਰਕੇ ਨਜ਼ਦੀਕ ਦੇ ਖੇਤਾਂ ਵਿਚ ਪਾਣੀ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ ਤੇ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਪਿੰਡਾਂ 'ਚ ਪਾਣੀ ਭਰ ਸਕਦਾ ਹੈ | ਇਸ ਮੌਕੇ ਜਦ ਵਾਰ-ਵਾਰ ਫਰਿਆਦ ਕਰਨ ਤੋਂ ਬਾਅਦ ਪ੍ਰਸ਼ਾਸਨ ਨਹੀਂ ਪਹੁੰਚਿਆ ਤਾਂ ਸਥਾਨਕ ਲੋਕਾਂ ਵਲੋਂ ਆਪਣੇ ਬੱਚਿਆਂ ਸਮੇਤ ਨਹਿਰ ਨੂੰ ਆਪਣੇ ਪੱਧਰ 'ਤੇ ਚਾਲੂ ਕੀਤਾ ਗਿਆ | ਇਸ ਮੌਕੇ ਸਰਪੰਚ ਬਲਕਾਰ ਸਿੰਘ ਫੁੱਲੜਾ, ਜ਼ਿਲ੍ਹਾ ਪ੍ਰਧਾਨ ਸੋਨੂੰ ਚੱਡਾ ਤੇ ਸਾਥੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਦੀ ਨਲਾਇਕੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਬੇਟ ਖੇਤਰ 'ਚ ਕੋਈ ਵੀ ਮਦਦ ਜਾਂ ਹੜ੍ਹ ਦੇ ਖ਼ਤਰੇ ਨੂੰ ਲੈ ਕੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਹੈ, ਕਿਸਾਨ ਤੇ ਆਮ ਲੋਕ ਆਪਣੇ ਪੱਧਰ 'ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ | ਇਸ ਮੌਕੇ ਕੀੜੀ ਅਫਗਾਨਾ ਤੇ ਬੇਟ ਖੇਤਰ ਦੇ ਕਿਸਾਨ ਹਾਜ਼ਰ ਸਨ |