ਕੋਟਲੀ ਸੂਰਤ ਮੱਲ੍ਹੀ, 2 ਸਤੰਬਰ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਕਈ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ 'ਚ ਆਉਣ ਕਰਕੇ ਵੱਡੀ ਗਿਣਤੀ 'ਚ ਦੂਰ-ਦੁਰਾਡੇ ਤੋਂ ਸੰਗਤਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਲਾਕੇ ਅੰਦਰ ਪਹੁੰਚ ਰਹੀਆਂ ਹਨ, ਜਿਨ੍ਹਾਂ ਵਾਸਤੇ ਗੁਰਦੁਆਰਾ ਅੰਗੀਠਾ ਸਾਹਿਬ ਬਾਬਾ ਅਵਤਾਰ ਸਿੰਘ ਛੱਤ ਵਾਲੇ ਅੱਡਾ ਕੋਟਲੀ ਸੂਰਤ ਮੱਲ੍ਹੀ ਤੇ ਗੁਰਦੁਆਰਾ ਬਾਬਾ ਭੂਰੀ ਵਾਲਾ ਅੱਡਾ ਬੋਹੜੀ ਵਿਖੇ ਵਿਸ਼ਾਲ ਲੰਗਰ ਸ਼ੁਰੂ ਕਰ ਦਿੱਤੇ ਗਏ ਹਨ, ਜਦੋਂ ਕਿ ਗੁਰਦੁਆਰਾ ਅੰਗੀਠਾ ਸਾਹਿਬ 'ਚ ਦੂਰ-ਦੁਰਾਡੇ ਤੋਂ ਆ ਰਹੀਆਂ ਸੰਗਤਾਂ ਦੇ ਰਿਹਾਇਸ਼ ਦੇ ਵੀ ਪ੍ਰਬੰਧ ਕੀਤੇ ਗਏ ਹਨ | ਇਸ ਸਬੰਧੀ ਪ੍ਰਬੰਧਕ ਬਾਬਾ ਨਿਰਮਲ ਸਿੰਘ ਕੋਟਲੀ, ਬਾਬਾ ਗੁਰਮੀਤ ਸਿੰਘ ਗੀਤਾ, ਹਰਪ੍ਰੀਤ ਸਿੰਘ ਹੈਪੀ, ਸਰਬਜੀਤ ਸਿੰਘ ਅਲੀਨੰਗਲ ਤੇ ਲਵਪ੍ਰੀਤ ਸਿੰਘ ਰੰਧਾਵਾ ਨੇ ਪ੍ਰਬੰਧਕਾਂ ਸਮੇਤ ਦੱਸਿਆ ਕਿ ਹੜ੍ਹ ਨੇ ਇਲਾਕੇ ਅੰਦਰ ਵੱਡੀ ਤਬਾਹੀ ਮਚਾਈ ਹੈ ਤੇ ਜਿੱਥੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਉਥੇ ਖਾਣ ਲਈ ਰੱਖੇ ਦਾਣੇ ਤੇ ਰਾਸ਼ਨ ਵੀ ਖ਼ਰਾਬ ਹੋ ਗਿਆ ਹੈ ਤੇ ਪਸ਼ੂਆਂ ਦਾ ਚਾਰਾ ਵੀ ਹੜ੍ਹ੍ਹ ਦੀ ਭੇਟ ਚੜ੍ਹ ਗਿਆ ਹੈ, ਜਿਸ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਵੱਡੀ ਗਿਣਤੀ 'ਚ ਸੰਗਤਾਂ ਰੋਜ਼ਾਨਾ ਟਰੈਕਟਰ-ਟਰਾਲੀਆਂ 'ਤੇ ਰਾਹਤ ਸਮੱਗਰੀ ਲੈ ਕੇ ਪਹੁੰਚ ਰਹੀਆਂ ਹਨ, ਜਿਨ੍ਹਾਂ ਲਈ ਲੰਗਰ ਦੇ ਵਿਸ਼ਾਲ ਪ੍ਰਬੰਧਕ ਕੀਤੇ ਹਨ, ਜਦੋਂ ਕਿ ਇਥੋਂ ਰੋਜ਼ਾਨਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਵੀ ਲੰਗਰ ਭੇਜਿਆ ਜਾ ਰਿਹਾ ਹੈ |