ਪਠਾਨਕੋਟ, 3 ਸਤੰਬਰ (ਸੰਧੂ)-ਸਮਾਜ ਦੇ ਆਮ ਲੋਕਾਂ ਦੇ ਨਾਲ-ਨਾਲ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਗਠਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ | ਇਸ ਕੰਮ 'ਚ ਯੋਗਦਾਨ ਪਾਉਂਦਿਆਂ ਲਾਇਨਜ਼ ਕਲੱਬ ਜ਼ਿਲ੍ਹਾ 321-ਡੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮਦਦ ਲਈ ਰਾਸ਼ਨ ਤੇ ਹੋਰ ਜ਼ਰੂਰੀ ਚੀਜ਼ਾਂ ਭੇਜ ਰਿਹਾ ਹੈ | ਲਾਇਨਜ਼ ਕਲੱਬ ਵਲੋਂ ਬੇਗੋਵਾਲ ਵਿਚ ਮਲਟੀਪਲ ਕੌਂਸਲ ਦੇ ਵਾਈਸ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਦੀ ਨਿਗਰਾਨੀ ਹੇਠ ਇਕ ਰਾਹਤ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ | ਜ਼ਿਲ੍ਹਾ ਗਵਰਨਰ ਵੀ.ਐਮ. ਗੋਇਲ, ਡਿਪਟੀ ਜ਼ਿਲ੍ਹਾ ਗਵਰਨਰ ਰਾਜੀਵ ਖੋਸਲਾ ਅਤੇ ਫੂਡ ਫ਼ਾਰ ਹੰਗਰ ਦੇ ਜ਼ਿਲ੍ਹਾ ਚੇਅਰਮੈਨ ਅਮਿਤ ਸ਼ਰਮਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ | ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਕਲੱਬਾਂ ਤੋਂ ਮੌਜੂਦ ਮੈਂਬਰਾਂ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲਗਪਗ 500 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਰਾਹਤ ਸਮਗਰੀ ਜਿਵੇਂ ਕਿ ਵੀਲ੍ਹਚੇਅਰ, ਸਾਈਕਲ, ਮੈਡੀਕਲ ਕਿੱਟਾਂ, ਪੱਖੇ ਆਦਿ ਭੇਜੀਆਂ ਗਈਆਂ | ਇਸ ਨੇਕ ਕੰਮ ਵਿਚ ਯੋਗਦਾਨ ਪਾਉਂਦਿਆਂ ਚੇਅਰਮੈਨ ਲਾਇਨ ਅਮਿਤ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮਦਦ ਲਈ ਆਪਣੀ ਤਰਫ਼ੋਂ 250 ਕੰਬਲ ਭੇਜੇ | ਇਸ ਮੌਕੇ ਅਮਿਤ ਸ਼ਰਮਾ ਨੇ ਦੱਸਿਆ ਕਿ ਲਾਇਨਜ਼ ਕਲੱਬ ਦੇ ਇਸ ਪ੍ਰੋਜੈਕਟ ਵਿਚ ਸੈਂਕੜੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮਗਰੀ ਭੇਜੀ ਗਈ ਹੈ | ਇਸ ਤੋਂ ਇਲਾਵਾ ਸਿਹਤ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਅਜਿਹੀ ਦੁਖਦਾਈ ਸਥਿਤੀ ਵਿਚ ਹਰ ਵਿਅਕਤੀ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਵਿਚ ਲਾਇਨਜ਼ ਕਲੱਬ ਡਿਸਟਿ੍ਕਟ ਵਲੋਂ ਦਿੱਤਾ ਗਿਆ ਯੋਗਦਾਨ ਸ਼ਲਾਘਾਯੋਗ ਹੈ | ਇਸ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ, ਸਕੱਤਰ ਪ੍ਰਦੀਪ ਕੁਮਾਰ, ਕੈਸ਼ੀਅਰ ਸੁਖਦੇਵ ਰਾਜ, ਪੀ.ਆਰ.ਓ. ਫੰੁਮਣ ਸਿੰਘ ਆਦਿ ਮੌਜੂਦ ਸਨ |