ਨਵੀਂ ਦਿੱਲੀ, 3 ਸਤੰਬਰ (ਏਜੰਸੀ)- ਭਾਰਤ ਨੇ ਜਰਮਨੀ ਤੋਂ ਭਾਰਤੀ ਬੱਚੀ ਅਰੀਹਾ ਸ਼ਾਹ ਦੀ ਜਲਦ ਵਾਪਸੀ ਯਕੀਨੀ ਕਰਨ ਦੀ ਅਪੀਲ ਕੀਤੀ ਹੈ, ਜੋ ਲਗਪਗ ਚਾਰ ਸਾਲ ਤੋਂ ਬਰਲਿਨ 'ਚ ਇਕ ਦੇਖਭਾਲ ਕੇਂਦਰ 'ਚ ਰਹਿ ਰਹੀ ਹੈ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਹਮਰੁਤਬਾ ਜੋਹਾਨ ਵੇਡਫੁਲ ਨਾਲ ਗੱਲਬਾਤ ਦੌਰਾਨ ਇਹ ਮੁੱਦਾ ਚੁੱਕਿਆ | ਜੈਸ਼ੰਕਰ ਨੇ ਵੇਡਫੁਲ ਨਾਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਅਰੀਹਾ ਸ਼ਾਹ ਭਾਰਤੀ ਬੱਚੀ ਦਾ ਮੁੱਦਾ ਉਠਾਇਆ, ਜੋ ਕੁਝ ਸਮੇਂ ਤੋਂ ਜਰਮਨ ਅਧਿਕਾਰੀਆਂ ਦੇ ਦੇਖਰੇਖ 'ਚ ਰਹਿ ਰਹੀ ਹੈ | ਮੈਂ ਮੰਤਰੀ ਸਾਹਮਣੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਹ ਜ਼ਰੂਰੀ ਹੈ ਕਿ ਉਸ ਦੇ ਸੰਸਕ੍ਰਿਤਕ ਅਧਿਕਾਰ ਸੁਰੱਖਿਅਤ ਕੀਤੇ ਜਾਣ ਤੇ ਉਸ ਦਾ ਭਾਰਤ 'ਚ ਪਾਲਣ-ਪੋਸ਼ਣ ਹੋਵੇ | ਜਰਮਨ ਅਧਿਕਾਰੀਆਂ ਨੇ 23 ਸਤੰਬਰ 2021 ਨੂੰ ਅਰੀਹਾ ਸ਼ਾਹ ਨੂੰ ਆਪਣੀ ਸੁਰੱਖਿਆ 'ਚ ਲੈ ਲਿਆ ਸੀ, ਜਦੋਂ ਉਹ 7 ਮਹੀਨਿਆਂ ਦੀ ਸੀ | ਦੋਸ਼ ਹੈ ਕਿ ਉਸ ਦੇ ਮਾਤਾ ਪਿਤਾ ਨੇ ਬੱਚੀ ਨਾਲ ਬੁਰਾ ਵਿਵਹਾਰ ਕੀਤਾ ਸੀ |