ਰਾਜਗੀਰ (ਬਿਹਾਰ), 3 ਸਤੰਬਰ (ਏਜੰਸੀ)- ਮੇਜਬਾਨ ਭਾਰਤ ਨੇ ਬੁੱਧਵਾਰ ਨੂੰ ਇਥੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੁਪਰ 4 ਪੜਾਅ ਦੇ ਆਪਣੇ ਪਹਿਲੇ ਮੈਚ 'ਚ ਮੌਜੂਦਾ ਚੈਂਪੀਅਨ ਕੋਰੀਆ ਦੇ ਖਿਲਾਫ਼ ਕਈ ਮੌਕੇ ਗਵਾਏ ਤੇ ਉਸ ਨੂੰ 2-2 ਨਾਲ ਡਰਾਅ 'ਤੇ ਸਬਰ ਕਰਨਾ ਪਿਆ | ਗੇਂਦ 'ਤੇ ਕਬਜ਼ਾ ਕਰਨ ਅਤੇ ਮੌਕਿਆਂ ਦੇ ਮਾਮਲੇ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਿਹਤਰ ਸੀ, ਪਰ ਕੋਰੀਆਈ ਟੀਮ ਨੇ ਮਜ਼ਬੂਤੀ ਨਾਲ ਬਚਾਅ ਕਰਦੇ ਹੋਏ ਡਰਾਅ ਹਾਸਿਲ ਕੀਤਾ | ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ | ਹਾਰਦਿਕ ਸਿੰਘ (8ਵੇਂ ਮਿੰਟ) ਨੇ ਭਾਰਤ ਨੂੰ ਸ਼ੁਰੂਆਤੀ ਬੜਤ ਦਿਵਾਈ, ਜਿਸ ਦੇ ਬਾਅਦ ਯਾਂਗ ਜਿਹੁਨ (12ਵੇਂ ਮਿੰਟ) ਅਤੇ ਹਿਓਨਹੋਂਗ ਕਿਮ (14ਵੇਂ ਮਿੰਟ) ਨੇ ਲਗਾਤਾਰ ਗੋਲ ਕਰਕੇ ਕੋਰੀਆ ਨੂੰ ਅੱਗੇ ਕਰ ਦਿੱਤਾ | ਮਨਦੀਪ ਸਿੰਘ (52ਵੇਂ ਮਿੰਟ) ਨੇ ਅੰਤਿਮ ਕੁਆਰਟਰ 'ਚ ਬਰਾਬਰੀ ਹਾਸਿਲ ਕੀਤੀ | ਭਾਰਤ ਹੁਣ ਵੀਰਵਾਰ ਨੂੰ ਮਲੇਸ਼ੀਆ ਨਾਲ ਖੇਡੇਗਾ, ਜਦੋਂ ਕਿ ਕੋਰੀਆ ਦੀ ਟੀਮ ਚੀਨ ਦੇ ਸਾਹਮਣੇ ਹੋਵੇਗੀ | ਭਾਰਤੀ ਟੀਮ ਨੇ ਪੂਲ ਏ ਦੇ ਸਾਰੇ ਮੁਕਾਬਲਿਆਂ 'ਚ ਜਿੱਤ ਦਰਜ ਕੀਤੀ ਹੈ, ਜਿਸ 'ਚ ਉਸ ਨੇ ਚੀਨ ਨੂੰ 4-3, ਜਪਾਨ ਨੂੰ 3-2 ਅਤੇ ਕਜਾਕਿਸਤਾਨ ਨੂੰ 15-0 ਨਾਲ ਹਰਾਇਆ |
ਖੇਡ ਸੰਸਾਰ
Free
ਭਾਰਤ ਨੇ ਸੁਪਰ ਚਾਰ ਮੈਚ 'ਚ ਕੋਰੀਆ ਨੂੰ 2-2 'ਤੇ ਰੋਕਿਆ <br/>
ਅਜੀਤ ਡੈਸਕ
04-09-2025