ਲੁਧਿਆਣਾ, 3 ਸਤੰਬਰ (ਜਗਮੀਤ ਸਿੰਘ)-ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬ-ਡਵੀਜਨ ਲੁਧਿਆਣਾ (ਪੱਛਮੀ) ਦੇ ਪਿੰਡ ਨਿਊ ਖਹਿਰਾ ਬੇਟ, ਆਲੋਵਾਲ, ਭੋਲੇਵਾਲ ਕਦੀਮ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਐਂਬੂਲੈਂਸ ਸਮੇਤ ਮੈਡੀਕਲ ਟੀਮ, ਪਸ਼ੂ ਧਨ ਦੀ ਰੱਖਿਆ ਲਈ ਵੈਟਰਨਰੀ ਸਟਾਫ, ਪਸ਼ੂ ਧਨ ਲਈ ਚਾਰਾ, ਫੀਡ ਅਤੇ ਪਿੰਡਾਂ ਦੇ ਵਾਸੀਆਂ ਲਈ ਰਾਹਤ ਸਮੱਗਰੀ ਤਰਪਾਲਾਂ ਭੇਜੀਆਂ ਗਈਆਂ | ਡਾ. ਪੂਨਮਪ੍ਰੀਤ ਕੌਰ ਐਸ.ਡੀ.ਐਮ. ਲੁਧਿਆਣਾ (ਪੱਛਮੀ) ਨੇ ਦੱਸਿਆ ਕਿ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ | ਉੱਥੇ ਸਿਹਤ ਵਿਭਾਗ ਵੱਲੋਂ ਵੀ ਪਿੰਡਾਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ | ਪਸ਼ੂ ਧਨ ਦੀ ਰੱਖਿਆ ਲਈ ਪਸ਼ੂ ਪਾਲਣ ਵਿਭਾਗ ਵਲੋਂ ਵੀ ਇਹਨਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਸ਼ੂਆਂ ਦੇ ਇਲਾਜ ਲਈ ਵੈਟਰਨਰੀ ਟੀਮ ਭੇਜੀ ਗਈ ਹੈ, ਜੋ ਲਗਾਤਾਰ ਇਹਨਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹਨਾਂ ਪਿੰਡਾਂ 'ਚ ਪਸ਼ੂਆਂ ਨੂੰ ਚਾਰਾ ਤੇ ਫੀਡ ਆਦਿ ਮੁੱਹਈਆ ਕਰਵਾਉਣ ਲਈ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ | ਡਾ. ਪੂਨਮਪ੍ਰੀਤ ਕੌਰ ਨੇ ਪਿੰਡਾਂ ਦਾ ਦੌਰਾ ਕਰਕੇ ਘਰਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ |