ਲੁਧਿਆਣਾ, 3 ਸਤੰਬਰ (ਜਤਿੰਦਰ ਭੰਬੀ)-ਜਵੱਦੀ ਟਕਸਾਲ ਵਲੋਂ ਅੱਜ ਪੰਜਾਬ 'ਚ ਆਏ ਹੜ੍ਹਾਂ ਕਾਰਨ ਪੀੜਤ ਹੋਏ ਲੋਕਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਦੇ ਭਰੇ ਚਾਰ ਟਰੱਕ ਰਵਾਨਾ ਕੀਤੇ | ਇਸ ਮੌਕੇ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ 'ਜਵੱਦੀ ਟਕਸਾਲ' ਕੌਮ ਦੀ ਆਪਣੀ ਸੰਸਥਾ ਹੈ, ਇਸ ਲਈ ਹਰ ਔਖੇ ਵੇਲੇ ਲੋਕਾਂ ਨਾਲ ਖੜਨਾ ਸਾਡਾ ਫਰਜ਼ ਬਣ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋ ਰਹੀਆਂ ਖਬਰਾਂ ਅਨੁਸਾਰ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ, ਜਿਸ ਕਰਕੇ ਲੱਖਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ, ਕੀਮਤੀ ਮਸ਼ੀਨਰੀ ਬਰਬਾਦ ਹੋ ਚੁੱਕੀ ਹੈ, ਹੱਸਦੇ ਵੱਸਦੇ ਘਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਇਸ ਲਈ ਆਪਣੇ ਭੈਣ-ਭਰਾਵਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਹੋਰ ਲੋੜੀਦੀਆਂ ਵਸਤਾਂ ਉਨ੍ਹਾਂ ਹੜ੍ਹ ਪੀੜਤਾਂ ਤੱਕ ਭੇਜਣ ਲਈ 'ਜਵੱਦੀ ਟਕਸਾਲ' ਦੇ ਵਿਦਿਆਰਥੀ ਅਤੇ ਸੇਵਾਦਾਰ ਉਚੇਚੇ ਤੌਰ 'ਤੇ ਰਵਾਨਾ ਹੋਏ | ਸੰਤ ਬਾਬਾ ਅਮੀਰ ਸਿੰਘ ਨੇ ਦੱਸਿਆ ਕਿ ਰਾਹਤ ਸਮੱਗਰੀ 'ਚ ਤਰਪਾਲਾਂ, ਆਟਾ, ਚਾਵਲ, ਦਾਲਾਂ, ਚਾਹ ਪੱਤੀ, ਚੀਨੀ, ਸੁੱਕਾ ਦੁੱਧ, ਜੀਵਨ ਰਖਸ਼ਕ ਦਵਾਈਆਂ, ਬਿਸਤਰੇ, ਮੱਛਰ ਤੋਂ ਬਚਾ ਲਈ ਦਵਾਈਆਂ ਅਤੇ ਨਵੇਂ ਬਸਤਰ ਆਦਿ ਭੇਜੇ ਗਏ ਹਨ | ਇਸ ਮੌਕੇ ਪਲੈਟੀਨਮ ਲੇਨ ਦੁੱਗਰੀ, ਗਗਨਦੀਪ ਸਿੰਘ (ਖਾਲਸਾ ਪਰਿਵਾਰ), ਜਗਜੀਤ ਸਿੰਘ ਭੰਮ ਜਵੈਲਰ, ਅਨਮੋਲ ਕਾਰ ਬਜ਼ਾਰ ਅਤੇ ਪਰਮਜੀਤ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ |