ਪਠਾਨਕੋਟ, 3 ਸਤੰਬਰ (ਸੰਧੂ)-ਸ੍ਰੀ ਮਨੀਮਹੇਸ਼ ਯਾਤਰਾ ਦੌਰਾਨ ਜ਼ਮੀਨ ਖਿਸਕਣ ਨਾਲ ਜਿੱਥੇ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਇਸ ਹਾਦਸੇ 'ਚ ਪੰਜਾਬ ਸਮੇਤ ਹੋਰ ਰਾਜਾਂ ਦੇ ਕਈ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ | ਹਿਮਾਚਲ ਪ੍ਰਸ਼ਾਸਨ ਨੇ ਮਿ੍ਤਕ ਸ਼ਰਧਾਲੂਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਸਬੰਧਿਤ ਜ਼ਿਲਿ੍ਹਆਂ ਵਿਚ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਬੁੱਧਵਾਰ ਨੂੰ ਮਨੀਮਹੇਸ਼ ਯਾਤਰਾ 'ਚ ਜਾਨ ਗੁਆਉਣ ਵਾਲੇ 4 ਸ਼ਰਧਾਲੂਆਂ ਦੀਆਂ ਲਾਸ਼ਾਂ ਪਠਾਨਕੋਟ ਦੇ ਸਿਵਲ ਹਸਪਤਾਲ ਲਿਆਂਦੀਆਂ ਗਈਆਂ | ਜਾਣਕਾਰੀ ਅਨੁਸਾਰ ਪਠਾਨਕੋਟ ਸਿਵਲ ਹਸਪਤਾਲ ਵਿਖੇ ਪਹੁੰਚੀਆਂ ਮਿ੍ਤਕ ਦੇਹਾਂ 'ਚੋਂ 1 ਹੁਸ਼ਿਆਰਪੁਰ, 1 ਪਠਾਨਕੋਟ, 1 ਸੰਗਰੂਰ ਤੇ 1 ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਹਨ | ਮਿ੍ਤਕਾਂ ਦੀ ਪਹਿਚਾਣ ਰੌਸ਼ਨ ਲਾਲ ਨਿਵਾਸੀ ਮੁਹੱਲਾ ਘੜਥੋਲੀ ਪਠਾਨਕੋਟ, ਹਰਵਿੰਦਰ ਸਿੰਘ ਨਿਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਤੇ ਤਰਸੇਮ ਲਾਲ ਜ਼ਿਲ੍ਹਾ ਸੰਗਰੂਰ ਤੇ ਅਨਮੋਲਦੀਪ ਸਿੰਘ ਨਿਵਾਸੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਮਿਲੀ ਜਾਣਕਾਰੀ ਮੁਤਾਬਿਕ ਹਰਵਿੰਦਰ ਸਿੰਘ ਨਿਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਪੁਲਿਸ ਵਿਚ ਏ.ਐਸ.ਆਈ. ਵਜੋਂ ਤਾਇਨਾਤ ਸੀ | ਇਸ ਦੇ ਨਾਲ ਹੀ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਮਿ੍ਤਕ ਅਨਮੋਲਦੀਪ ਸਿੰਘ ਦੀ ਮਿ੍ਤਕ ਦੇਹ ਨੂੰ ਲੈਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਇਕ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਵੀ ਪਠਾਨਕੋਟ ਵਿਖੇ ਪੁੱਜੇ ਤੇ ਉਨ੍ਹਾਂ ਇਸ ਹਾਦਸੇ ਦੇ ਡੰੂਘਾ ਦੁੱਖ ਜ਼ਾਹਿਰ ਕੀਤਾ | ਸਿਵਲ ਹਸਪਤਾਲ ਦੇ ਚੌਕੀ ਇੰਚਾਰਜ ਗੁਲਸ਼ਨ ਕੁਮਾਰ ਅਨੁਸਾਰ ਸਾਰੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਵਿਚ ਭੇਜ ਦਿੱਤਾ ਗਿਆ ਹੈ |