ਪਠਾਨਕੋਟ, 3 ਸਤੰਬਰ (ਸੰਧੂ)-ਅੱਜ ਦੁਪਹਿਰ ਸਮੇਂ ਪਠਾਨਕੋਟ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਬਦਨਾਮ ਗਲੀ ਦੇ ਸਾਹਮਣੇ ਸਥਿਤ ਰੇਲਵੇ ਪਰਿਸਰ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ 'ਤੇ ਸਨਸਨੀ ਫੈਲ ਗਈ | ਆਸ ਪਾਸ ਦੇ ਲੋਕਾਂ ਵਲੋਂ ਸੂਚਿਤ ਕਰਨ 'ਤੇ ਰੇਲਵੇ ਪੁਲਿਸ (ਜੀ.ਆਰ.ਪੀ.) ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ | ਕਾਰਵਾਈ ਕਰਦੇ ਹੋਏ ਆਈ.ਓ. ਗੁਰਿੰਦਰ ਸਿੰਘ ਨੇ ਕਿਹਾ ਕਿ ਲਾਸ਼ ਪਲੇਟਫ਼ਾਰਮ ਨੰਬਰ ਇਕ ਦੇ ਸਾਹਮਣੇ ਇਕ ਉੱਚੀ ਜਗ੍ਹਾ 'ਤੇ ਪਈ ਸੀ | ਉਨ੍ਹਾਂ ਕਿਹਾ ਕਿ ਮਿ੍ਤਕ ਦੀ ਉਮਰ ਲਗਭਗ 50 ਸਾਲ ਹੈ | ਪਰ ਵਿਅਕਤੀ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ | ਲਾਸ਼ ਦੇ ਨੇੜੇ ਕੋਈ ਪਹਿਚਾਣ ਪੱਤਰ ਜਾਂ ਮੋਬਾਈਲ ਫੋਨ ਨਹੀਂ ਮਿਲਿਆ ਹੈ | ਉਨ੍ਹਾਂ ਕਿਹਾ ਕਿ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਪਹਿਲੀ ਨਜ਼ਰੇ ਮੌਤ ਦੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋਇਆ ਹੈ | ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮਿ੍ਤਕ ਦੀ ਪਹਿਚਾਣ ਲਈ ਲਾਸ਼ ਨੂੰ 72 ਘੰਟਿਆਂ ਲਈ ਮੁਰਦਾਘਰ 'ਚ ਰੱਖਿਆ ਗਿਆ ਹੈ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਦੀ ਪਹਿਚਾਣ ਕਰ ਸਕਦਾ ਹੈ ਤਾਂ ਜੀ.ਆਰ.ਪੀ. ਨਾਲ ਸੰਪਰਕ ਕਰਨ |