ਬਟਾਲਾ, 3 ਸਤੰਬਰ (ਸਤਿੰਦਰ ਸਿੰਘ)-ਕਈ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਮਹਾਰਾਜਾ ਮਾਰਕੀਟ ਬਟਾਲਾ ਦੀਆਂ ਛੱਤਾਂ ਚੋਅ ਰਹੀਆਂ ਹਨ, ਜਿਸ ਨਾਲ ਮਾਰਕੀਟ 'ਚ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਉਹ ਛੱਤ ਉਪਰ ਵੇਖਣ ਗਏ ਤਾਂ ਉਥੇ ਥਾਂ-ਥਾਂ ਤੋਂ ਬਿਜਲੀ ਦੀਆਂ ਤਾਰਾਂ ਨੰਗੀਆਂ ਪਈਆਂ ਸਨ ਅਤੇ ਉਨ੍ਹਾਂ ਰਾਹੀਂ ਕਰੰਟ ਵੀ ਆ ਰਿਹਾ ਸੀ | ਛੱਤ ਪੂਰੀ ਤਰ੍ਹਾਂ ਗਿੱਲੀ ਹੋਣ ਕਰ ਕੇ ਕੋਈ ਵੀ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਿਤ ਵਿਭਾਗ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਪਰ ਅਜੇ ਤੱਕ ਇਨ੍ਹਾਂ ਨੰਗੀਆਂ ਤਾਰਾਂ ਦੇ ਜੋੜੇ ਨੂੰ ਢੱਕਿਆ ਨਹੀਂ ਗਿਆ | ਉਨ੍ਹਾਂ ਕਿਹਾ ਕਿ ਬਰਸਾਤ ਅਜੇ ਵੀ ਸਿਰ 'ਤੇ ਹੈ, ਇਸ ਲਈ ਵਿਭਾਗ ਨੂੰ ਜਲਦੀ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ ਇਨ੍ਹਾਂ ਤਾਰਾਂ ਦਾ ਹੱਲ ਕਰਨਾ ਚਾਹੀਦਾ ਹੈ | ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੀ ਇਹ ਮਾਰਕੀਟ ਹੈ ਅਤੇ ਕਈ ਦੁਕਾਨਾਂ ਵਿਕਣ ਵਾਲੀਆਂ ਹਨ, ਜਿਨ੍ਹਾਂ ਉਪਰ ਵੱਡੇ-ਵੱਡੇ ਦਰੱਖਤ ਵੀ ਉੱਗੇ ਹੋਏ ਹਨ ਅਤੇ ਵੱਡੇ ਪੱਧਰ 'ਤੇ ਮਿੱਟੀ ਵੀ ਪਈ ਹੋਈ ਹੈ, ਜਿਸ ਰਾਹੀਂ ਇਹ ਬਰਸਾਤ ਦਾ ਪਾਣੀ ਦੂਸਰੀ ਮੰਜਿਲ ਤੋਂ ਹੇਠਾਂ ਪਹਿਲੀ ਮੰਜਿਲ ਅਤੇ ਪਹਿਲੀ ਮੰਜਿਲ ਤੋਂ ਜ਼ਮੀਨ ਵਾਲੀਆਂ ਦੁਕਾਨਾਂ ਦੇ ਅੰਦਰ ਲਗਾਤਾਰ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਲਗਭਗ ਇਹ ਸਾਰੀ ਮਾਰਕੀਟ ਹੀ ਚੋਅ ਰਹੀ ਹੈ, ਜਿਸ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ | ਸਮੂਹ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਨਗਰ ਸੁਧਾਰ ਟਰੱਸਟ ਆਪਣੀ ਇਸ ਮਾਰਕੀਟ ਵੱਲ ਧਿਆਨ ਦੇ ਕੇ ਛੱਤਾਂ ਉਪਰੋਂ ਗੰਦਗੀ ਤੇ ਬੂਟੀ ਨੂੰ ਸਾਫ ਕਰਵਾਏ |