ਗੁਰਦਾਸਪੁਰ, 3 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਟਰਾਂਸਕੋ ਪੈਨਸ਼ਨਰ ਐਸੋਸੀਏਸ਼ਨ 56 ਦੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸਾਬਕਾ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਦੱਸਿਆ ਕਿ ਪੰਜਾਬ ਸਰਕਾਰ ਲਗਭਗ ਸਾਢੇ ਤਿੰਨ ਸਾਲ ਤੋਂ ਮੁਲਾਜ਼ਮ, ਪੈਨਸ਼ਨਰਾਂ ਤੇ ਮਜ਼ਦੂਰ, ਕਿਸਾਨਾਂ ਨੰੂ ਮੰਗਾਂ ਮੰਨਣ ਲਈ ਲਾਅਰੇ ਲੱਪੇ ਲਗਾ ਕੇ ਟਾਈਮ ਪਾਸ ਕਰ ਰਹੀ ਹੈ | ਹੁਣ ਪੰਜਾਬ ਸਰਕਾਰ ਤੇ ਪਾਵਰ ਕਾਰਪੋਰੇਸ਼ਨ ਤੋਂ ਮੰਗਾਂ ਮਨਵਾਉਣ ਲਈ ਪਾਵਰਕਾਮ ਤੇ ਟਰਾਂਸਕੋ ਦੇ ਪੈਨਸ਼ਨਰਾਂ ਨੇ ਸਟੇਟ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਅੰਦਰ ਜ਼ਿਲ੍ਹਾ ਸਰਕਲ ਪੱਧਰ 'ਤੇ ਧਰਨੇ ਦੇਣ ਦਾ ਐਲਾਨ ਕਰ ਦਿੱਤਾ ਹੈ ਤਾਂ ਜੋ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਨੰੂ ਜਗਾਇਆ ਜਾ ਸਕੇ | ਇਸ ਤੋਂ ਇਲਾਵਾ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਪੰਜਾਬ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਤੇਜ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਕਿ 11 ਅਕਤੂਬਰ ਨੰੂ ਸੰਗਰੂਰ ਵਿਖੇ ਪੰਜਾਬ ਪੱਧਰ ਦਾ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਪਾਵਰਕਾਮ ਟਰਾਂਸਕੋ ਦੇ ਪੈਨਸ਼ਨਰ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ ਤਾਂ ਜੋ ਪੈਂਡਿੰਗ ਪਿਆ 13 ਫ਼ੀਸਦੀ ਡੀ.ਏ ਤੇ ਬਕਾਇਆ ਜਾਰੀ ਕਰਵਾਇਆ ਜਾ ਸਕੇ | ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਅੰਦਰ ਹੜ੍ਹਾਂ ਨਾਲ ਕਿਸਾਨ, ਮਜ਼ਦੂਰਾਂ ਦੀਆਂ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਤੁਰੰਤ ਜਾਣਕਾਰੀ ਹਾਸਲ ਕਰਕੇ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਤੇ ਮਜ਼ਦੂਰ ਆਪਣਾ ਜੀਵਨ ਠੀਕ ਢੰਗ ਨਾਲ ਬਿਤਾ ਸਕਣ | ਇਸ ਮੌਕੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਦੂਲਾ ਨੰਗਲ, ਮੀਤ ਪ੍ਰਧਾਨ ਅਨੂਪ ਸਿੰਘ, ਮੀਤ ਪ੍ਰਧਾਨ ਅਰਜਨ ਸਿੰਘ, ਸਹਾਇਕ ਸਕੱਤਰ ਸੁਖਵਿੰਦਰ ਸਿੰਘ, ਆਡੀਟਰ ਰਣਬੀਰ ਸਿੰਘ, ਪੈੱ੍ਰਸ ਸਕੱਤਰ ਦਰਸ਼ਨ ਸਿੰਘ, ਜਥੇਬੰਦਕ ਸਕੱਤਰ ਸੰਤੋਖ ਸਿੰਘ, ਵਿੱਤ ਸਕੱਤਰ ਕਮਲ ਕਿਸ਼ੋਰ, ਸਰਪ੍ਰਸਤ ਤੀਰਥ ਸਿੰਘ ਵਿਰਦੀ, ਆਡੀਟਰ ਪੰਜਾਬ ਜੋਗਿੰਦਰ ਸਿੰਘ ਰੰਧਾਵਾ, ਰਮੇਸ਼ ਸ਼ਰਮਾ ਮੰਡਲ ਪ੍ਰਧਾਨ ਕਾਦੀਆਂ, ਸਤਪਾਲ ਲੱਖੋਵਾਲ ਮੰਡਲ ਪ੍ਰਧਾਨ ਗੁਰਦਾਸਪੁਰ, ਦੇਸ ਰਾਜ ਮੰਡਲ ਪ੍ਰਧਾਨ ਦਿਹਾਤੀ ਪਠਾਨਕੋਟ ਤੇ ਹੰਸ ਰਾਜ ਸਿੰਘ ਮੰਡਲ ਪ੍ਰਧਾਨ ਸ਼ਹਿਰੀ ਪਠਾਨਕੋਟ ਹਾਜ਼ਰ ਸਨ |