ਮਾਧੋਪੁਰ, 4 ਸਤੰਬਰ (ਮਹਿਰਾ)-ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨਵਾਂ ਥਰਿਆਲ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਉਸਾਰੇ ਜਾ ਰਹੇ ਮਕਾਨ 'ਚ ਲਾਵਾਰਸ ਹਾਲਤ ਵਿਚ ਇਕ ਨਵ ਜਨਮੀ ਤਕਰੀਬਨ 15-20 ਦਿਨ ਪਹਿਲਾਂ ਛੋਟੀ ਬੱਚੀ ਨੂੰ ਛੱਡ ਕੇ ਚਲਾ ਗਿਆ | ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੁਪਹਿਰ ਨੂੰ ਨਵੇਂ ਬਣ ਰਹੇ ਘਰ 'ਚ ਛੱਡ ਦਿੱਤਾ | ਜਦੋਂ ਬੱਚੀ ਦੀ ਰੋਣ ਦੀ ਆਵਾਜ਼ ਆਈ ਤਾਂ ਘਰ ਦੇ ਮਾਲਕਾਂ ਇਹ ਸੋਚ ਕੇ ਅਣਸੁਣਾ ਕਰ ਦਿੱਤਾ ਕਿ ਸ਼ਾਇਦ ਕਿਸੇ ਗੁਆਂਢੀਆਂ ਦੇ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਹੈ | ਪਰ ਆਵਾਜ਼ ਲਗਾਤਾਰ ਆਉਂਦੀ ਰਹੀ | ਜਦੋਂ ਉਨ੍ਹਾਂ ਨੇ ਦੇਖਿਆ ਤਾਂ ਉਨ੍ਹਾਂ ਨੂੰ ਇਕ ਛੋਟੀ ਬੱਚੀ ਮਿਲੀ ਜੋ ਕਿ ਲਗਪਗ 15-20 ਦਿਨਾਂ ਦੀ ਦੱਸੀ ਜਾ ਰਹੀ ਹੈ | ਕੋਈ ਉਸ ਨੂੰ ਉੱਥੇ ਛੱਡ ਕੇ ਚਲਾ ਗਿਆ ਸੀ | ਆਲੇ-ਦੁਆਲੇ ਪੁੱਛਣ 'ਤੇ ਕੁਝ ਨਹੀਂ ਮਿਲਿਆ ਅਤੇ ਫਿਰ ਪਿੰਡ ਵਾਸੀ ਉੱਥੇ ਇਕੱਠੇ ਹੋ ਗਏ ਤੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਬੁਲਾਇਆ | ਪੁਲਿਸ ਮੌਕੇ 'ਤੇ ਆਈ ਤੇ ਉਨ੍ਹਾਂ ਨੇ ਉਕਤ ਬੱਚੀ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਚ ਦਾਖ਼ਲ ਕਰਵਾਇਆ | ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਪਿੰਡ ਦੇ ਸਰਪੰਚ ਤੇ ਹੋਰ ਸਮਾਜ ਸੇਵਕਾਂ ਨੂੰ ਫੋਨ ਕਰਕੇ ਕਹਿ ਰਹੇ ਹਨ ਕਿ ਉਹ ਉਕਤ ਲੜਕੀ ਨੂੰ ਗੋਦ ਲੈਣ ਲਈ ਤਿਆਰ ਹਨ | ਪਰ ਇਸ ਵੇਲੇ ਉਕਤ ਲੜਕੀ ਹਸਪਤਾਲ ਵਿਚ ਦਾਖ਼ਲ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਕਤ ਲੜਕੀ ਨੂੰ ਗੋਦ ਲੈਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਜੋ ਕਿ ਲਾਵਾਰਸ ਹਾਲਤ ਵਿਚ ਮਿਲੀ ਸੀ |