ਫ਼ਤਹਿਗੜ੍ਹ ਚੂੜੀਆਂ, 4 ਸਤੰਬਰ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਡੇਰਾ ਬਾਬਾ ਨਾਨਕ ਤੇ ਸਰਹੱਦ ਨਾਲ ਲਗਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਮਾਝਾ ਜ਼ੋਨ ਦੇ ਪ੍ਰਧਾਨ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ ਅਤੇ ਹੋਰ ਪਾਰਟੀ ਦੇ ਉੱਚ ਆਗੂ ਸ਼ਾਮਿਲ ਸਨ | ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਖੇਤਰ ਵਿਚ ਬਹੁਤ ਵੱਡਾ ਨੁਕਸਾਨ ਹੋਇਆ ਹੈ, ਇਹ ਸਰਕਾਰਾਂ ਪੰਜਾਬ ਵਿਰੋਧੀ ਹਨ, ਜਿਨਾਂ ਵਲੋਂ ਹੜ੍ਹ ਮਾਰੇ ਖੇਤਰ ਵਿਚ ਕਿਸੇ ਨੂੰ ਵੀ ਦਿਲਾਸਾ ਜਾਂ ਰਾਹਤ ਦੇਣ ਵਿਚ ਕੋਈ ਯਤਨਸ਼ੀਲ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਸਾਰੀ ਸਮਾਂਸਾਰਨੀ ਹੈ ਕਿ ਕਿਸ ਵਕਤ ਕਿੰਨੀ ਬਰਫ਼ ਢਲਦੀ ਹੈ, ਕਿੰਨਾ ਪਾਣੀ ਡੈਮਾਂ ਵਿਚ ਜਮ੍ਹਾ ਹੋ ਰਿਹਾ ਹੈ ਅਤੇ ਕਿੰਨੀ ਬਾਰਿਸ਼ ਹੋ ਰਹੀ ਹੈ, ਪਰ ਨਲਾਇਕੀ ਇਹ ਹੈ ਕਿ ਇਨ੍ਹਾਂ ਨੇ ਬਰਸਾਤ ਤੋਂ ਪਹਿਲਾਂ ਲੋੜ ਅਨੁਸਾਰ ਡੈਮਾਂ ਦੇ ਗੇਟ ਨਹੀਂ ਖੋਲੇ, ਜਿਸ ਕਰ ਕੇ ਬਰਸਾਤੀ ਦੌਰ ਵਿਚ ਪਾਣੀ ਵੱਡੀ ਤਾਦਾਦ ਵਿਚ ਜਮ੍ਹਾ ਹੋ ਗਿਆ, ਜਿਸ ਨਾਲ ਹੁਣ ਇਕਦਮ ਡਰ ਬਣ ਗਿਆ ਕਿ ਡੈਮ ਫਟ ਨਾ ਜਾਣ | ਉਨ੍ਹਾਂ ਕਿਹਾ ਕਿ ਜੇਕਰ ਗੱਲ ਕਰੀਏ ਪਾਣੀ ਦੀ ਤਾਂ ਦਰਿਆਈ ਪਾਣੀ ਉੱਪਰ ਸਾਡਾ ਤੇ ਪਾਕਿਸਤਾਨ ਵਾਲੇ ਪਾਸੇ ਮੁਸਲਮਾਨਾਂ ਦਾ ਹੱਕ ਹੈ | ਉਨ੍ਹਾਂ ਕਿਹਾ ਕਿ ਨਿਯਮਾਂ ਅਧੀਨ ਹਰਿਆਣੇ ਅਤੇ ਰਾਜਸਥਾਨ ਨਾਲੋਂ ਜ਼ਿਆਦਾ ਪਾਣੀ ਉੱਪਰ ਪਾਕਿਸਤਾਨ ਦਾ ਹੱਕ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਚੰਗੇ ਰਾਜ ਦੀ ਸਥਾਪਨਾ ਕਰਨੀ ਚਾਹੁੰਦੇ ਹੋ ਤਾਂ ਸਾਡਾ ਸਾਥ ਦੇਵੋ, ਅਸੀਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਾਂਗੇ, ਜਦ ਕਿ ਇਨ੍ਹਾਂ ਸਰਕਾਰਾਂ ਉੱਪਰ ਕੋਈ ਆਸ ਰੱਖਣੀ ਸਿਰਫ਼ ਤੇ ਸਿਰਫ਼ ਇਕ ਸੁਪਨੇ ਦੀ ਨਿਆਈ ਹੈ | ਇਸ ਮੌਕੇ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਪ੍ਰਧਾਨ ਮਾਝਾ ਜ਼ੋਨ, ਜਨਰਲ ਸਕੱਤਰ ਉਪਕਾਰ ਸਿੰਘ ਸੰਧੂ, ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਗੁਰਬਚਨ ਸਿੰਘ ਪਵਾਰ, ਲਵਪ੍ਰੀਤ ਸਿੰਘ ਤੂਫ਼ਾਨ, ਜਥੇਦਾਰ ਕੁਲਵੰਤ ਸਿੰਘ ਕੋਟਲਾ, ਤਰਲੋਕ ਸਿੰਘ ਬਿੱਟਾ, ਹਰਮਨਦੀਪ ਸਿੰਘ ਸੁਲਤਾਨਵਿੰਡ, ਦਲਜੀਤ ਸਿੰਘ ਬਾਜਵਾ, ਦਵਿੰਦਰ ਸਿੰਘ ਫ਼ੌਜੀ, ਪੀ.ਏ. ਮਨਪ੍ਰੀਤ ਸਿੰਘ, ਧੀਰ ਸਿੰਘ ਲੁਹਾਰਾਂਵਾਲੀ, ਜਗਦੀਪ ਸਿੰਘ ਸੋਨਾ ਕਾਲਾ ਅਫਗਾਨਾ, ਬਲਵਿੰਦਰ ਸਿੰਘ ਬਿੱਟੂ ਕਾਲਾ ਅਫਗਾਨਾ ਆਦਿ ਹਾਜ਼ਰ ਸਨ |