ਭੈਣੀ ਮੀਆਂ ਖਾਂ, 4 ਸਤੰਬਰ (ਜਸਬੀਰ ਸਿੰਘ ਬਾਜਵਾ)-ਜ਼ਿਲ੍ਹਾ ਗੁਰਦਾਸਪੁਰ ਅਧੀਨ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਲੋੜਵੰਦ ਲੋਕਾਂ ਲਈ ਸਯਨਾ ਪੱਥ ਫਾਉਂਡੇਸ਼ਨ ਵਲੋਂ ਸਿਹਤ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ | ਇਸ ਸਬੰਧੀ ਸਯਨਾ ਪੱਥ ਫਾਉਂਡੇਸ਼ਨ ਦੇ ਮੁੱਖ ਆਗੂ ਮਨਪ੍ਰੀਤ ਸਿੰਘ ਖ਼ਾਲਸਾ ਲਾਧੂਪੁਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਹੜ੍ਹਾਂ ਵਿਚ ਘਿਰੇ ਪਿੰਡਾਂ ਦਾ ਦੌਰਾ ਕਰਕੇ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਤੇ ਹੋਰ ਮਲ੍ਹਮ ਪੱਟੀਆਂ ਆਦਿ ਵੰਡੀਆਂ ਗਈਆਂ | ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡ ਝਮਕੜਾ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ, ਜਿੱਥੇ ਪਿੰਡ ਦੇ ਲੋੜਵੰਦ ਬੱਚੇ, ਬਜ਼ੁਰਗ ਅਤੇ ਨੌਜਵਾਨ ਪਹੁੰਚੇ, ਜਿਨਾਂ ਦੀ ਹਰ ਤਰ੍ਹਾਂ ਦੀ ਬਣਦੀ ਮਦਦ ਕੀਤੀ ਗਈ | ਇਸ ਮੌਕੇ ਲੋੜਵੰਦਾਂ ਨੂੰ ਮੁੱਢਲੀਆਂ ਦਵਾਈਆਂ, ਮਲ੍ਹਮ ਅਤੇ ਪੱਟੀਆਂ ਆਦਿ ਵੰਡੀਆਂ ਗਈਆਂ | ਇਸ ਦੌਰਾਨ ਇਲਾਕੇ ਦੇ ਲੋਕਾਂ ਦੀਆਂ ਹੋਰ ਲੋੜਾਂ ਦਾ ਵੀ ਜਾਇਜ਼ਾ ਲਿਆ ਗਿਆ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਯਨਾ ਪੱਥ ਫਾਉਂਡੇਸ਼ਨ ਵਲੋਂ ਪੀੜਤ ਲੋਕਾਂ ਲਈ ਹੋਰ ਲੋੜੀਂਦਾ ਢੁਕਵਾਂ ਸਾਮਾਨ ਉਪਲਬਧ ਕਰਵਾਇਆ ਜਾ ਸਕੇ | ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਮਦਦ ਲੈ ਕੇ ਜਾਣ ਵਾਲੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਯੋਜਨਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਨਾ ਜਾਣ |