ਬਮਿਆਲ, 5 ਸਤੰਬਰ (ਰਕੇਸ਼ ਸ਼ਰਮਾ)-ਹਾਲ 15 ਦਿਨ ਸਰਹੱਦੀ ਕਸਬਾ ਬਮਿਆਲ ਦੇ ਨਜ਼ਦੀਕ ਵਗਦੇ ਜਲਾਲੀਆ ਦਰਿਆ ਵਿਚ ਭਾਰੀ ਹੜ੍ਹ ਆਉਣ ਕਰਕੇ ਬਮਿਆਲ ਤੋਂ ਪਠਾਨਕੋਟ ਨੂੰ ਜਾਣ ਵਾਲੀ ਮੁੱਖ ਸੜਕ ਵਿਚ ਲਗਪਗ 60 ਮੀਟਰ ਲੰਮਾ ਪਾੜ ਪੈ ਗਿਆ ਸੀ | ਜਿਸ ਦੇ ਚੱਲਦੇ ਇਸ ਸਮੇਂ ਬਮਿਆਲ ਤੋਂ ਪਠਾਨਕੋਟ ਦਾ ਮੁੱਖ ਮਾਰਗ ਪਿਛਲੇ 15 ਦਿਨ ਤੋਂ ਬੰਦ ਹੈ ਅਤੇ ਲੋਕਾਂ ਨੂੰ ਬਮਿਆਲ ਤੋਂ ਕੋਹਲੀਆਂ ਜਾਂ ਫਿਰ ਪਠਾਨਕੋਟ ਜਾਂ ਦੀਨਾਨਗਰ ਜਾਣ ਲਈ 15 ਕਿੱਲੋਮੀਟਰ ਜ਼ਿਆਦਾ ਸਫ਼ਰ ਕਰਕੇ ਵਾਇਆ ਮਸਤਪੁਰ ਜਾਣਾ ਪੈ ਰਿਹਾ ਹੈ | ਲੋਕਾਂ ਵਿਚ ਰੋਸ ਹੈ ਕਿ ਅੱਜ 15 ਦਿਨ ਬੀਤ ਜਾਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਹਾਲੇ ਤੱਕ ਇਸ ਪਾੜ ਨੂੰ ਪੂਰਾ ਕਰਨ ਲਈ ਕੋਈ ਵੀ ਕੰਮ ਦੀ ਸ਼ੁਰੂਆਤ ਨਹੀਂ ਕੀਤੀ ਗਈ | ਦੱਸ ਦੇਈਏ ਕਿ 6000 ਆਬਾਦੀ ਵਾਲਾ ਕਸਬਾ ਬਮਿਆਲ ਜਿਸ ਦਾ ਇਕ ਵੱਡਾ ਬਾਜ਼ਾਰ ਹੈ | ਜਿਸ ਦੇ ਨਾਲ ਲਗਪਗ ਇਲਾਕੇ ਦੇ 80 ਪਿੰਡ ਸਬੰਧਿਤ ਹਨ | ਇਸ ਬਾਜ਼ਾਰ ਤੋਂ ਸਮਾਨ ਖ਼ਰੀਦਦੇ ਹਨ | ਪਰ ਅਚਾਨਕ ਇਸ ਦੇ ਰਸਤੇ ਬੰਦ ਹੋ ਜਾਣ ਕਾਰਨ ਜਿੱਥੇ ਦੁਕਾਨਦਾਰਾਂ ਨੂੰ ਘਾਟਾ ਪੈ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਵੀ ਆਪਣਾ ਸਮਾਨ ਖ਼ਰੀਦਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ | ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਇਸ ਦਰਿਆ ਦੇ ਪਾਰ ਹਨ ਅਤੇ ਕਿਸਾਨਾਂ ਨੂੰ ਆਪਣੀ ਜ਼ਮੀਨ ਵਿਚ ਹੀ ਜਾਣ ਦੇ ਲਈ 15 ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਜਾਣਾ ਪੈ ਰਿਹਾ | ਇਸ ਤੋਂ ਇਲਾਵਾ ਨੌਕਰੀ ਪੇਸ਼ਾ 'ਤੇ ਜਾਣ ਵਾਲੇ ਲੋਕਾਂ ਨੂੰ ਵੀ ਸਵੇਰੇ ਆਪਣੇ ਘਰ ਤੋਂ ਅੱਧਾ ਘੰਟਾ ਪਹਿਲਾਂ ਨਿਕਲਣਾ ਪੈਂਦਾ ਹੈ | ਜਿਸ ਦੇ ਚੱਲਦੇ ਅੱਜ ਸਰਹੱਦੀ ਇਲਾਕੇ ਦੇ ਲੋਕਾਂ ਵਲੋਂ ਇਕੱਠੇ ਹੋ ਕੇ ਮੰਗ ਕੀਤੀ ਕਿ ਇਸ ਸੜਕ ਦੀ ਜਲਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |