ਬਹਿਰਾਮਪੁਰ, 24 ਸਤੰਬਰ (ਪ੍ਰੋ: ਬਲਬੀਰ ਸਿੰਘ ਕੋਲਾ)-ਰਾਵੀ ਦਰਿਆ 'ਚ ਆਏ ਹੜ੍ਹ ਕਾਰਨ ਪੱਤਨ ਮਕੌੜਾ ਨੇੜੇ ਬਣਾਇਆ ਗਿਆ 'ਰੀਵਰ ਪੈਰਾਡਾਈਜ਼' ਜਿਸ ਦਾ ਵੱਡਾ ਹਿੱਸਾ ਦਰਿਆ ਦਾ ਪਾਣੀ ਆਪਣੇ ਨਾਲ ਹੀ ਰੋੜ ਕੇ ਲੈ ਗਿਆ ਹੈ | ਜਾਣਕਾਰੀ ਦਿੰਦਿਆਂ ਰੀਵਰ ਪੈਰਾਡਾਈਜ਼ ਦੇ ਮਾਲਕ ਗੁਰਨਾਮ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਨ੍ਹਾਂ ਰਾਵੀ ਦਰਿਆ ਦੇ ਨੇੜੇ ਡੇਢ ਏਕੜ 'ਚ ਪ੍ਰੀ ਵੈਡਿੰਗ ਫ਼ੋਟੋ ਸ਼ੂਟ ਕਰਨ ਲਈ ਰੀਵਰ ਪੈਰਾਡਾਈਜ਼ ਬਣਾਇਆ ਸੀ | ਜਿਸ ਦਾ ਵੱਡਾ ਹਿੱਸਾ ਦਰਿਆ ਆਪਣੇ ਪਾਣੀ ਨਾਲ ਰੋੜ ਕੇ ਲੈ ਗਿਆ | ਜਦੋਂ ਕਿ ਡੇਢ ਏਕੜ 'ਚੋਂ ਸਾਢੇ 3 ਕਨਾਲ ਜ਼ਮੀਨ ਜਿਸ ਉੱਪਰ ਬਾਗ਼ ਲੱਗਾ ਹੋਇਆ ਸੀ ਤੇ ਤਿੰਨ ਕਮਰੇ, ਇਕ ਵਰਾਂਡਾ, ਫੋਟੋ ਸ਼ੂਟ ਕਰਨ ਲਈ ਦਿਲ ਤੇ ਮਣਾ ਬਣਿਆ ਹੋਇਆ ਸੀ, ਉਹ ਵੀ ਦਰਿਆ ਦਾ ਪਾਣੀ ਰੋੜ ਕੇ ਲੈ ਗਿਆ ਅਤੇ ਉੱਥੇ ਖੂਹ ਪੈ ਗਏ ਹਨ | ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਤੋਂ ਪਾਰਲੇ ਪਿੰਡ ਲਸਿਆਣ ਦੇ ਦਿਲਾਵਰ ਸਿੰਘ ਦੀ ਸਮਾਨ ਢਾਹੁਣ ਵਾਲੀ ਬਲੈਰੋ ਗੱਡੀ ਉਨ੍ਹਾਂ ਦੇ ਕੰਪਲੈਕਸ ਦੇ ਅੰਦਰ ਲੱਗੀ ਸੀ ਜੋ ਪੂਰੀ ਤਰ੍ਹਾਂ ਰੇਤ ਹੇਠਾਂ ਦੱਬੀ ਗਈ ਸੀ, ਜਿਸ ਨੰੂ ਜੇ.ਸੀ.ਬੀ ਨਾਲ ਰੇਤ ਵਿਚੋਂ ਪੁੱਟਿਆ ਗਿਆ | ਉਨ੍ਹਾਂ ਦੱਸਿਆ ਕਿ ਰੀਵਰ ਪੈਰਾਡਾਈਜ਼ ਦਾ ਸਾਰਾ ਫ਼ਰਨੀਚਰ ਵੀ ਰੁੜ੍ਹ ਗਿਆ, ਜਿਸ ਵਿਚ 40 ਕੁਰਸੀਆਂ ਅਤੇ 10 ਮੇਜ਼ ਸਨ | ਇਸ ਤਰ੍ਹਾਂ ਇਕ ਟਰੈਕਟਰ, ਇਕ ਜੀਪ, ਸਕੂਟਰ, 3 ਫ਼ਰਿਜਾਂ, ਸੋਲਰ, ਇਨਵਰਟਰ ਅਤੇ ਰਸੋਈ ਦੇ ਸਾਰੇ ਭਾਂਡੇ ਵੀ ਰੁੜ੍ਹ ਗਏ | ਇਸ ਤਰ੍ਹਾਂ ਕੁੱਲ ਮਿਲਾ ਕੇ ਕੋਈ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਰਿਆ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ |