ਗੁਰਦਾਸਪੁਰ, 24 ਸਤੰਬਰ (ਅਸ਼ੋਕ ਸ਼ਰਮਾ)-ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਹਦਾਇਤ ਕੀਤੀ ਹੈ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਵੱਧ ਤੋਂ ਵੱਧ ਫਾਲੋ ਕੀਤਾ ਜਾਵੇ ਤਾਂ ਜੋ ਆਮ ਜਨਤਾ ਤੱਕ ਮਾਣਯੋਗ ਚੋਣ ਕਮਿਸ਼ਨ ਵਲੋਂ ਜਾਰੀ ਕੀਤੀਆਂ ਹਦਾਇਤਾਂ ਤੇ ਗਤੀਵਿਧੀਆਂ ਦੀ ਸਮੇਂ ਸਿਰ ਲੋਕਾਂ ਨੂੰ ਜਾਣਕਾਰੀ ਮਿਲਦੀ ਰਹੇ | ਇਸ ਸਬੰਧੀ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਹਾਇਕ ਸਵੀਪ ਨੋਡਲ ਅਫ਼ਸਰਾਂ, ਬੀ.ਐਲ.ਓ ਸੁਪਰਵਾਈਜ਼ਰਾਂ ਤੇ ਬੀ.ਐਲ.ਓਜ਼ ਨੂੰ ਉਕਤ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੇ ਲਿੰਕ ਨੂੰ ਫਾਲੋ ਕਰਨ ਦੀ ਹਦਾਇਤ ਕਰਨ ਤੇ ਇਸ ਦੀ ਪੁਸ਼ਟੀ ਸਬੰਧੀ ਸਮੂਹ ਬੀ.ਐਲ.ਓ. ਸੁਪਰਵਾਈਜ਼ਰਾਂ ਤੋਂ ਅੰਡਰਟੇਕਿੰਗ ਪ੍ਰਾਪਤ ਕਰਨ ਉਪਰੰਤ ਆਪਣੇ ਹਸਤਾਖਰਾਂ ਹੇਠ ਸਰਟੀਫਿਕੇਟ 29 ਸਤੰਬਰ ਨੂੰ ਸਵੇਰੇ 10 ਵਜੇ ਤੱਕ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜਣ | ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਕੂਲਾਂ/ਕਾਲਜਾਂ 'ਚ ਇਲੈਕਟੋਰਲ ਲਿਟਰੇਸੀ ਕਲੱਬ ਬਣੇ ਹੋਏ ਹਨ, ਇਨ੍ਹਾਂ ਦੇ ਇੰਚਾਰਜਾਂ ਰਾਹੀਂ ਸਬੰਧਿਤ ਸਕੂਲਾਂ/ਕਾਲਜਾਂ ਵਿਚ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਫਾਲੋਅਰਜ਼ ਨੂੰ ਵਧਾਉਣ ਲਈ ਜਾਗਰੂਕ ਕੀਤਾ ਜਾਵੇ | ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਚੋਣ ਅਫ਼ਸਰ ਪੰਜਾਬ ਦੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਫਾਲੋ ਕਰਨ ਤਾਂ ਜੋ ਉਨ੍ਹਾਂ ਨੂੰ ਮਾਣਯੋਗ ਚੋਣ ਕਮਿਸ਼ਨ ਵਲੋਂ ਸਮੇਂ-ਸਮੇਂ ਜਾਰੀ ਹਦਾਇਤਾਂ ਤੇ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਰਹੇ |