ਗੁਰਦਾਸਪੁਰ, 25 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਭੁਲੇਚੱਕ ਕਾਲੋਨੀ ਵਿਖੇ ਇਕ ਘਰ 'ਚੋਂ ਚੋਰੀ ਕਰਨ ਵਾਲੇ ਪਤੀ ਪਤਨੀ ਸਮੇਤ ਤਿੰਨ ਖ਼ਿਲਾਫ਼ ਤਿੱਬੜ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਪੀੜਤ ਅਨਿਲ ਕੁਮਾਰ ਪੁੱਤਰ ਅਨੂਪ ਕੁਮਾਰ ਵਾਸੀ ਭੁਲੇਚੱਕ ਕਾਲੋਨੀ ਨੇ ਤਿੱਬੜ ਪੁਲਿਸ ਨੰੂ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਆਪਣੇ ਘਰ ਨੰੂ ਤਾਲਾ ਲਗਾ ਕੇ ਆਪਣੇ ਦਾਦਾ ਦੀ ਚਵਰੀ 'ਤੇ ਜਲੰਧਰ ਗਏ ਸੀ ਕਿ ਜਦੋਂ ਉਸ ਨੇ ਆਪਣੇ ਘਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਨੰੂ ਆਪਣੇ ਮੋਬਾਈਲ 'ਤੇ ਦੇਖਿਆ ਤਾਂ ਪਤਾ ਲੱਗਾ ਕਿ ਦੋਸ਼ੀ ਜਸਪਾਲ ਸਿੰਘ, ਉਸ ਦੀ ਪਤਨੀ ਬਲਵਿੰਦਰ ਕੌਰ ਤੇ ਪੰਮਾ ਵਾਸੀ ਪੰਧੇਰ ਉਸ ਦੇ ਘਰ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ | ਜਿਸ ਤੋਂ ਬਾਅਦ ਸੀ.ਸੀ.ਟੀ.ਵੀ ਕੈਮਰੇ 'ਚੋਂ ਫੁਟੇਜ਼ ਬੰਦ ਹੋ ਗਈ | ਜਦੋਂ ਉਨ੍ਹਾਂ ਘਰ ਆ ਕੇ ਦੇਖਿਆ ਤਾਂ ਕਮਰਿਆਂ ਦੇ ਤਾਲੇ ਟੁੱਟੇ ਸਨ ਤੇ ਅਲਮਾਰੀ ਚੈੱਕ ਕਰਨ 'ਤੇ ਉਸ 'ਚੋਂ 30 ਹਜ਼ਾਰ ਰੁਪਏ ਤੇ ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ.ਆਰ ਵੀ ਗਾਇਬ ਸੀ | ਏ.ਐਸ.ਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਤਿੰਨਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |