ਬਟਾਲਾ, 25 ਸਤੰਬਰ (ਰਾਕੇਸ਼ ਰੇਖੀ)-ਸਹੁਰੇ ਘਰ ਆਇਆ ਮੰਗੇਤਰ ਪਰਿਵਾਰ ਨੂੰ ਆਪਣੀ ਪਿਸਤੌਲ ਦਿਖਾ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਜਾਣ ਕਾਰਨ ਉਸ ਦੀ ਸਾਲੀ ਜ਼ਖ਼ਮੀ ਹੋ ਗਈ | ਗੰਭੀਰ ਜ਼ਖ਼ਮੀ ਹੋਈ ਸਾਲੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਵਲ ਲਾਈਨ ਦੇ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰ ਰਹੇ ਸਨ | ਜਦੋਂ ਪੁਲਿਸ ਡੇਰਾ ਰੋਡ 'ਤੇ ਪਿੰਡ ਖ਼ਤੀਬ ਨੇੜੇ ਪਹੁੰਚੀ ਤਾਂ ਸੂਚਨਾ ਮਿਲੀ ਕਿ ਪਿੰਡ ਸ਼ਾਮਪੁਰਾ ਦਾ ਰਹਿਣ ਵਾਲਾ ਸਾਹਿਲ ਮਸੀਹ ਦੀ ਮੰਗਣੀ ਖ਼ਤੀਬ ਦੇ ਰਹਿਣ ਵਾਲੇ ਰਣਜੀਤ ਮਸੀਹ ਦੀ ਬੇਟੀ ਸੰਜਨਾ ਨਾਲ ਕੁਝ ਸਮਾਂ ਪਹਿਲਾਂ ਹੋਈ ਸੀ | ਸਾਹਿਲ ਆਪਣੇ ਸਹੁਰੇ ਘਰ ਮਿਲਣ ਲਈ ਆਇਆ ਹੋਇਆ ਸੀ, ਸਾਹਿਲ ਕੋਲ ਪਿਸਤੌਲ ਸੀ ਤੇ ਉਹ ਸਹੁਰੇ ਪਰਿਵਾਰ ਨੂੰ ਪਿਸਤੌਲ ਦਿਖਾ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਉਸ ਦੀ ਸਾਲੀ ਕੈਰਿਸ ਦੀ ਵੱਖੀ ਵਿਚ ਜਾ ਲੱਗੀ | ਇਲਾਜ ਲਈ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ | ਪੁਲਿਸ ਨੇ ਸਾਹਿਲ ਮਸੀਹ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |