ਘੁਮਾਣ, 25 ਸਤੰਬਰ (ਬੰਮਰਾਹ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ 28 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਿਰਾਓ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਪਿੰਦਰ ਸਿੰਘ ਤੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਬਾਅਦ ਲਗਪਗ 80 ਦੇ ਕਰੀਬ ਮੀਟਿੰਗਾਂ ਸਬ ਕਮੇਟੀ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿੱਖਿਆ ਅਤੇ ਵਿੱਤ ਵਿਭਾਗ ਦੇ ਆਲਾ ਅਫ਼ਸਰਾਂ ਨਾਲ ਜਥੇਬੰਦੀ ਦੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਜਥੇਬੰਦੀ ਦੇ ਪੱਲੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਪਾਇਆ | ਭਾਵੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕੰਪਿਊਟਰ ਅਧਿਆਪਕਾਂ ਨੂੰ 2022 ਦੀ ਦੀਵਾਲੀ 'ਤੇ ਪੂਰਨ ਰੂਪ ਵਿਚ ਸਿਵਲ ਸੇਵਾਵਾਂ ਦੇ ਨਿਯਮ ਅਤੇ 6ਵਾਂ ਤਨਖਾਹ ਕਮਿਸ਼ਨ ਦੀਵਾਲੀ ਪਹਿਲਾਂ ਲਾਗੂ ਕਰਨ ਦਾ ਐਲਾਨ ਕਈ ਵਾਰ ਕੀਤਾ ਗਿਆ ਸੀ | ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਅੱਜ ਤੱਕ ਸਮੇਂ ਸਿਰ ਤਨਖਾਹਾਂ ਦੇਣ ਵਿਚ ਵੀ ਨਾਕਾਮ ਰਹੀ ਹੈ, ਜਦੋਂ ਕਿ ਬਾਕੀ ਸਾਰੇ ਮੁਲਾਜ਼ਮਾਂ ਨੂੰ ਹਰ ਮਹੀਨੇ ਦੀ ਪਹਿਲੀ ਜਾਂ ਦੂਜੀ ਤਾਰੀਕ ਨੂੰ ਤਨਖਾਹ ਮਿਲ ਜਾਂਦੀ ਹੈਠ, ਜਿਸ ਕਾਰਨ ਸੂਬੇ ਦੇ ਸਾਰੇ ਕੰਪਿਊਟਰ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ | ਹੁਣ ਕੰਪਿਉਟਰ ਅਧਿਆਪਕਾਂ ਦੇ ਸਬਰ ਦਾ ਬੰਨ ਟੁੱਟ ਚੁੱਕਾ ਹੈ, ਜਦੋਂ ਪੰਜਾਬ ਸਰਕਾਰ, ਮਾਨਯੋਗ ਹਾਈਕੋਰਟ ਪੰਜਾਬ ਵਲੋਂ ਆਏ ਕੰਪਿਊਟਰ ਅਧਿਆਪਕਾਂ ਦੇ ਹੱਕ ਵਿਚ ਫ਼ੈਸਲੇ ਨੂੰ ਲਾਗੂ ਕਰਨ ਦੇ ਬਜਾਏ ਮਾਨਯੋਗ ਸੁਪਰੀਮ ਕੋਰਟ ਵਿਖੇ ਚੁਨੌਤੀ ਦੇਣ ਜਾ ਰਹੀ ਹੈ | ਜਥੇਬੰਦੀ ਵਲੋਂ 28 ਸਤੰਬਰ ਨੂੰ ਗੁਰੀਲਾ ਢੰਗ ਨਾਲ ਗੁਪਤ ਐਕਸ਼ਨ ਕੀਤਾ ਜਾਵੇਗਾ, ਜਿਸ ਦੀ ਪੂਰਨ ਰੂਪ ਵਿਚ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਰੈਲੀ ਦੌਰਾਨ ਸੂਬਾ ਕਮੇਟੀ, ਜ਼ਿਲ੍ਹਾ ਕਮੇਟੀਆਂ ਅਤੇ ਪੰਜਾਬ ਭਰ 'ਚ ਕੰਪਿਊਟਰ ਅਧਿਆਪਕ ਸ਼ਾਮਿਲ ਹੋਣਗੇ |