ਡੇਰਾ ਬਾਬਾ ਨਾਨਕ, 25 ਸਤੰਬਰ (ਹੀਰਾ ਸਿੰਘ ਮਾਂਗਟ, ਵਿਜੇ ਸ਼ਰਮਾ)-ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਅਤੇ ਨਵ-ਭਾਰਤ ਮਿਸ਼ਨ ਫਾਉਂਡੇਸ਼ਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟਾਈ ਹੈ | ਇਸ ਦੁੱਖ ਦੀ ਘੜੀ ਵਿਚ ਨਵ-ਭਾਰਤ ਮਿਸ਼ਨ ਫਾਉਂਡੇਸ਼ਨ ਵਲੋਂ ਸੀ.ਜੀ.ਸੀ. ਯੂਨੀਵਰਸਿਟੀ ਦੇ ਸਹਿਯੋਗ ਨਾਲ ਮਾਝੇ ਦੇ ਇਲਾਕੇ ਵਿਚ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਅੱਗੇ ਆ ਕੇ ਆਪਣੇ ਪੰਜਾਬੀਆਂ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਹੈ | ਇਸ ਮੁਹਿੰਮ ਦੀ ਸ਼ੁਰੂਆਤ ਸੀ.ਜੀ.ਸੀ. ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਕਰਦੇ ਹੋਏ ਰਾਸ਼ਨ ਤੇ ਮੈਡੀਕਲ ਕਿੱਟਾਂ ਅਤੇ ਵਲੰਟੀਅਰਾਂ ਦੀਆਂ ਟੀਮਾਂ ਲੈ ਕੇ ਬੱਸਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਪਹੁੰਚੀਆਂ | ਜਿੱਥੇ ਇਹ ਰਾਹਤ ਕਾਰਜ ਡੇਰਾ ਬਾਬਾ ਨਾਨਕ ਦੇ ਪਿੰਡਾਂ ਤਲਵੰਡੀ ਹਿੰਦੂਆਂ, ਧਰਮਾਬਾਦ, ਖੰਨਾ ਚਮਿਆਰਾ, ਮਾਹਲ ਨੰਗਲ, ਗੋਲਾ ਢੋਲਾ, ਰੱਤੜ ਛੱਤੜ, ਮਨਸੂਰ ਅਤੇ ਪੱਤੀ ਅਬਦਾਲ ਤੋਂ ਸ਼ੁਰੂ ਹੋਏ, ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਹੈ | ਇਥੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਹ ਇਸ ਭਿਆਨਕ ਤਬਾਹੀ ਤੋਂ ਉੱਭਰ ਸਕਣ | ਇਸ ਦੌਰਾਨ ਰਾਹਤ ਸਮੱਗਰੀ ਨੂੰ ਵੰਡਦੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੀ ਹਿੱਸਾ ਲਿਆ |