ਕਲਾਨੌਰ, 25 ਸਤੰਬਰ (ਪੁਰੇਵਾਲ)-ਸਥਾਨਕ ਕਸਬਾ ਵਾਸੀ ਸਮਾਜਸੇਵਕ, ਟਰਾਂਸਪੋਰਟਰ, ਸਾਬਕਾ ਪੰਚ ਤੇ ਸਾਬਕਾ ਫ਼ੌਜੀ ਜਸਵੰਤ ਸਿੰਘ ਕਾਹਲੋਂ ਤੇ ਨੇੜਲੇ ਪਿੰਡ ਹਕੀਮਪੁਰ ਵਾਸੀ ਪ੍ਰਸਿੱਧ ਕਵੀਸ਼ਰ ਭਾਈ ਹਰਜਿੰਦਰ ਸਿੰਘ ਬਾਜਵਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਜਿਸ ਕਾਰਨ ਇਲਾਕੇ ਭਰ 'ਚ ਸੋਗ ਦੀ ਲਹਿਰ ਹੈ | ਜਾਣਕਾਰੀ ਅਨੁਸਾਰ ਸ: ਜਸਵੰਤ ਸਿੰਘ ਕਾਹਲੋਂ ਕਲਾਨੌਰ ਦੇ ਇਕ ਸਾਂਝੇ ਮਾਮਲੇ 'ਚ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਨੂੰ ਸਾਥੀਆਂ ਸਮੇਤ ਮੰਗ ਪੱਤਰ ਦੇਣ ਲਈ ਗਏ ਸਨ ਅਤੇ ਵਾਪਸ ਆਉਂਦਿਆਂ ਹਾਦਸੇ 'ਚ ਉਨ੍ਹਾਂ ਸਵਾਸ ਤਿਆਗ ਦਿੱਤੇ | ਸ: ਜਸਵੰਤ ਸਿੰਘ ਕਾਹਲੋਂ ਕਲਾਨੌਰ ਵਾਸੀ ਆਬਕਾਰੀ ਵਿਭਾਗ 'ਚ ਸੇਵਾਵਾਂ ਨਿਭਾਉਣ ਵਾਲੇ ਇੰਸਪੈਕਟਰ ਸੁਰਿੰਦਰ ਸਿੰਘ ਕਾਹਲੋਂ ਦੇ ਪਿਤਾ ਤੇ ਹਾਸਰਸ ਕਲਾਕਾਰ ਜਗਪਰਮਪ੍ਰੀਤ ਸਿੰਘ ਕਾਹਲੋਂ ਪੰਮ ਭਾਜੀ ਦੇ ਦਾਦਾ ਸਨ | ਇਸ ਤੋਂ ਇਲਾਵਾ ਨੇੜਲੇ ਪਿੰਡ ਹਕੀਂਮਪੁਰ ਵਾਸੀ ਭਾਈ ਹਰਜਿੰਦਰ ਸਿੰਘ ਬਾਜਵਾ ਜੋ ਪ੍ਰਸਿੱਧ ਕਵੀਸ਼ਰ ਸਨ ਤੇ ਇਸ ਸਮੇਂ ਗੁਰਦੁਆਰਾ ਸਾਹਿਬ ਵਡਾਲਾ ਬਾਂਗਰ ਵਿਖੇ ਸੇਵਾਵਾ ਨਿਭਾਅ ਰਹੇ ਸਨ ਕਿ ਬੀਤੀ ਸ਼ਾਮ ਸਿਹਤ 'ਚ ਰੁਕਾਵਟ ਆਉਣ 'ਤੇ ਉਨ੍ਹਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ | ਭਾਈ ਹਰਜਿੰਦਰ ਸਿੰਘ ਬਾਜਵਾ ਕਲਾਨੌਰ ਵਾਸੀ ਲੈਕਚਰਾਰ, ਨੈਸ਼ਨਲ ਐਵਾਰਡੀ, ਸਮਾਜਸੇਵਕ, ਸਾਹਿਤਕਾਰ ਸ: ਗੁਰਮੀਤ ਸਿੰਘ ਬਾਜਵਾ ਦੇ ਭਰਾ ਸਨ | ਕਾਹਲੋਂ ਪਰਿਵਾਰ ਅਤੇ ਬਾਜਵਾ ਪਰਿਵਾਰ ਨਾਲ ਇਲਾਕੇ ਭਰ ਵਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ |