ਭੈਣੀ ਮੀਆਂ ਖਾਂ, 25 ਸਤੰਬਰ (ਜਸਬੀਰ ਸਿੰਘ ਬਾਜਵਾ)-ਪਿਛਲੇ ਦਿਨੀਂ ਪੰਜਾਬ ਵਿਚ ਭਾਰੀ ਮੀਂਹ ਨੇ ਬਹੁਤ ਤਬਾਹੀ ਮਚਾਈ ਸੀ, ਜਿਸ ਕਾਰਨ ਹਜ਼ਾਰਾਂ ਕਿਸਾਨਾਂ ਦੀ ਜਿੱਥੇ ਫ਼ਸਲ ਖ਼ਰਾਬ ਹੋਈ ਉਥੇ ਲੋਕਾਂ ਦੇ ਘਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਸੀ, ਜਿਸ ਦੌਰਾਨ ਬਲਾਕ ਕਾਹਨੂੰਵਾਨ ਵਿਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ | ਇਸ ਮੌਕੇ ਬਲਾਕ ਕਾਹਨੂੰਵਾਨ ਦੇ ਪਿੰਡ ਕੋਟ ਖਾਨ ਮਹੁੰਮਦ ਦੇ ਇਕ ਮਜ਼ਦੂਰ ਲਖਵਿੰਦਰ ਸਿੰਘ ਪੁੱਤਰ ਦੀਵਾਨ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਜ਼ਿਆਦਾ ਮੀਂਹ ਪੈਣ ਕਾਰਨ ਉਨ੍ਹਾਂ ਦਾ ਘਰ ਢਹਿ-ਢੇਰੀ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਖੁੱਲ੍ਹੇ ਅਸਮਾਨ ਹੇਠ ਤਰਪਾਲ ਹੇਠ ਰਹਿਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਬਹੁਤ ਮੁਸ਼ਕਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਵਲੋਂ ਉਨ੍ਹਾਂ ਦੀ ਅਜੇ ਤੱਕ ਕੋਈ ਸਾਰ ਨਹੀਂ ਲਈ ਗਈ ਹੈ | ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤੇ ਉਨ੍ਹਾਂ ਨੂੰ ਮਕਾਨ ਬਣਾ ਕੇ ਦਿੱਤਾ ਜਾਵੇ |